ਅੰਮ੍ਰਿਤਸਰ, 16 ਸਤੰਬਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਭਾਰਤ ਸਰਕਾਰ ਵਲੋਂ ਇਜਾਜ਼ਤ ਨਾ ਦੇਣ ਦੀ ਕਾਰਵਾਈ ਨੂੰ ਸਿੱਖਾਂ ਪ੍ਰਤੀ ਸਰਕਾਰ ਦੀ ਬਦਨੀਅਤ ਕਰਾਰ ਦਿੱਤਾ ਹੈ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਪ੍ਰੈਲ ਮਹੀਨੇ ਪਹਿਲਗਾਮ ਅੱਤਵਾਦੀ ਹਮਲੇ ਅਤੇ ਭਾਰਤ-ਪਾਕਿਸਤਾਨ ਵਿਚਾਲੇ ਹੋਈ ਹਵਾਈ ਜੰਗ ਉਪਰੰਤ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਈ ਕੁੜੱਤਣ ਤੋਂ ਬਾਅਦ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਤੋਂ ਆਏ ਟਰੱਕਾਂ ਵਾਸਤੇ ਅਟਾਰੀ-ਵਾਹਗਾ ਸਰਹੱਦ ਖੋਲ੍ਹੀ ਗਈ ਸੀ। ਦੋਵਾਂ ਦੇਸ਼ਾਂ ਦੇ ਦੂਤਘਰ ਵੀ ਇਕ ਦੂਜੇ ਦੇ ਮੁਲਕਾਂ ਵਿਚ ਖੁੱਲ੍ਹੇ ਹਨ। ਇਸ ਤੋਂ ਬਾਅਦ ਭਾਰਤ ਨੇ ਕੌਮਾਂਤਰੀ ਕ੍ਰਿਕਟ ਮੈਚਾਂ ਵਿਚ ਵੀ ਪਾਕਿਸਤਾਨ ਦੇ ਨਾਲ ਖੇਡਣ ਦਾ ਫੈਸਲਾ ਕੀਤਾ ਸੀ, ਜਿਸ ਤਹਿਤ ਏਸ਼ੀਆ ਕੱਪ-2025 ਤਹਿਤ 14 ਸਤੰਬਰ ਨੂੰ ਦੁਬਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਟੂਰਨਾਮੈਂਟ ਹੋਇਆ ਹੈ।
ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇਸ ਸਭ ਦੇ ਬਾਵਜੂਦ ਭਾਰਤ ਸਰਕਾਰ ਵਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਜਥੇ ਨੂੰ ਰੋਕ ਦਿੱਤਾ ਗਿਆ ਹੈ ਅਤੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਅਣਸੁਖਾਵੇਂ ਸਬੰਧਾਂ ਅਤੇ ਸੁਰੱਖਿਆ ਕਾਰਨਾਂ ਨੂੰ ਦੱਸਿਆ ਹੈ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ 1947 ਦੀ ਵੰਡ ਵਿਚ ਸਿੱਖਾਂ ਨੇ ਸਭ ਤੋਂ ਵੱਡਾ ਨੁਕਸਾਨ ਸਹਿਣ ਕੀਤਾ, ਜਿਸ ਵਿਚ ਪੰਜਾਬ ਦੀ ਵੰਡ ਅਤੇ ਪਾਕਿਸਤਾਨ ਵਿਚ ਰਹਿ ਗਏ ਪਵਿੱਤਰ ਗੁਰਧਾਮਾਂ ਤੋਂ ਵਿਛੋੜਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਸੰਨ 1950 ਦੇ ਨਹਿਰੂ-ਲਿਆਕਤ ਸਮਝੌਤੇ ਤਹਿਤ ਸਿੱਖ ਜਥਿਆਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੀ ਇਜਾਜ਼ਤ ਮਿਲੀ ਸੀ, ਜਿਸ ਤਹਿਤ ਹਰ ਸਾਲ ਵਿਸਾਖੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਤ ਚਾਰ ਵਾਰ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਜਾਂਦੇ ਸਨ।
Read More : ਸੜਕ ਹਾਦਸੇ ’ਚ ਜੀਜੇ-ਸਾਲੇ ਦੀ ਮੌਤ, ਇਕ ਜ਼ਖਮੀ