ਸੂਬਾ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ₹598.75 ਲੱਖ ਦੇ ਸਟੇਟ ਐਕਸ਼ਨ ਪਲੈਨ ਨੂੰ ਪ੍ਰਵਾਨਗੀ: ਡਾ. ਬਲਜੀਤ ਕੌਰ

ਚੰਡੀਗੜ੍ਹ, 1 ਸਤੰਬਰ 2026: ਸੀਨੀਅਰ ਨਾਗਰਿਕਾਂ ਨੂੰ ਸਨਮਾਨ, ਸੁਰੱਖਿਆ ਅਤੇ ਬਿਹਤਰ ਜੀਵਨ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਭਰ ਵਿੱਚ ਸਟੇਟ ਐਕਸ਼ਨ ਪਲੈਨ ਫਾਰ ਸੀਨੀਅਰ ਸਿਟੀਜ਼ਨ (SAP) 2026-27 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਉੱਚ ਪੱਧਰੀ ਸਟੇਕਹੋਲਡਰ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੀਨੀਅਰ ਨਾਗਰਿਕਾਂ ਦੀ ਸਿਹਤ ਸੰਭਾਲ, ਦੇਖਭਾਲ, ਸਮਾਜਿਕ ਸੁਰੱਖਿਆ, ਮਾਨਸਿਕ ਤੰਦਰੁਸਤੀ ਅਤੇ ਖੁਸ਼ਹਾਲ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਹੋਰ ਪ੍ਰਭਾਵਸ਼ਾਲੀ ਤਾਲਮੇਲ ਸਥਾਪਤ ਕਰਨ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਦੇ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਸੂਬਾ ਪੱਧਰੀ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸੀਨੀਅਰ ਨਾਗਰਿਕਾਂ ਪ੍ਰਤੀ ਸਤਿਕਾਰ, ਸਨਮਾਨ ਅਤੇ ਸੰਵੇਦਨਸ਼ੀਲਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਦੇ ਨਾਲ-ਨਾਲ ਬਜ਼ੁਰਗਾਂ ਦੇ ਅਧਿਕਾਰਾਂ, ਭਲਾਈ ਸਕੀਮਾਂ ਅਤੇ ਸਿਹਤ ਸੇਵਾਵਾਂ ਸਬੰਧੀ ਜਾਗਰੂਕਤਾ ਫੈਲਾਉਣ ਦੇ ਨਾਲ ਪਰਿਵਾਰਾਂ, ਵਿਦਿਅਕ ਸੰਸਥਾਵਾਂ, ਨੌਜਵਾਨਾਂ, ਸਮਾਜਿਕ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਵੀ ਉਨ੍ਹਾਂ ਦੀ ਦੇਖਭਾਲ ਅਤੇ ਸਨਮਾਨ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ, “ਜਿਨ੍ਹਾਂ ਹੱਥਾਂ ਨੇ ਪਰਿਵਾਰਾਂ ਦੀ ਪਰਵਰਿਸ਼ ਕੀਤੀ ਅਤੇ ਸਮਾਜ ਦੀ ਨੀਂਹ ਮਜ਼ਬੂਤ ਕੀਤੀ, ਉਹ ਆਪਣੀ ਜ਼ਿੰਦਗੀ ਦੇ ਇਸ ਪੜਾਅ ‘ਤੇ ਪਿਆਰ, ਸਤਿਕਾਰ, ਸੁਰੱਖਿਆ ਅਤੇ ਦੇਖਭਾਲ ਦੇ ਪੂਰੇ ਹੱਕਦਾਰ ਹਨ। ਬਜ਼ੁਰਗਾਂ ਦੀ ਸੇਵਾ ਸਿਰਫ਼ ਸਰਕਾਰ ਦੀ ਹੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।” ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਸੀਨੀਅਰ ਨਾਗਰਿਕ ਨੂੰ ਬਿਹਤਰ ਸਿਹਤ ਸੇਵਾਵਾਂ, ਸਮਾਜਿਕ ਸੁਰੱਖਿਆ, ਭਾਵਨਾਤਮਕ ਸਹਾਰਾ ਅਤੇ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।

ਮੰਤਰੀ ਨੇ ਦੱਸਿਆ ਕਿ ਸਟੇਟ ਐਕਸ਼ਨ ਪਲੈਨ ਨੂੰ ਲਾਗੂ ਕਰਨ ਲਈ ₹598.75 ਲੱਖ ਦੀ ਵਿੱਤੀ ਵਿਵਸਥਾ ਕੀਤੀ ਗਈ ਹੈ। ਇਸ ਰਾਸ਼ੀ ਦੀ ਵਰਤੋਂ ਮੁਫ਼ਤ ਸਿਹਤ ਜਾਂਚ ਅਤੇ ਸਿਹਤ ਮੁਲਾਂਕਣ ਕੈਂਪ, ਅੱਖਾਂ ਦੀ ਜਾਂਚ ਅਤੇ ਲੋੜਵੰਦ ਸੀਨੀਅਰ ਨਾਗਰਿਕਾਂ ਦੀ ਕੈਟਰੇਕਟ ਸਰਜਰੀ, ਜੈਰੀਐਟ੍ਰਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀ.ਐੱਸ.ਡੀ.ਐੱਮ.) ਦੇ ਸਹਿਯੋਗ ਨਾਲ ਜੈਰੀਐਟ੍ਰਿਕ ਕੇਅਰਗਿਵਰਾਂ ਦੀ ਸਿਖਲਾਈ, ਡਿਜੀਟਲ ਅਤੇ ਵਿੱਤੀ ਸਾਖਰਤਾ, ਸਰਗਰਮ ਬਜ਼ੁਰਗ ਜੀਵਨ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮਾਂ, ਜਾਗਰੂਕਤਾ ਮੁਹਿੰਮਾਂ, ਪੀੜ੍ਹੀਆਂ ਵਿਚਕਾਰ ਸਾਂਝ ਵਧਾਉਣ ਵਾਲੀਆਂ ਗਤੀਵਿਧੀਆਂ, ਮੀਡੀਆ ਜਾਗਰੂਕਤਾ ਅਤੇ ਹੋਰ ਭਲਾਈ ਪ੍ਰੋਗਰਾਮਾਂ ‘ਤੇ ਕੀਤੀ ਜਾਵੇਗੀ।

ਡਾ. ਬਲਜੀਤ ਕੌਰ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸੀਨੀਅਰ ਨਾਗਰਿਕਾਂ ਲਈ ਨਿਯਮਿਤ ਸਿਹਤ ਕੈਂਪ ਲਗਾਏ ਜਾਣ ਅਤੇ ਸਮੇਂ ਸਿਰ ਜਾਂਚ, ਇਲਾਜ, ਅੱਖਾਂ ਦੀ ਸੰਭਾਲ ਅਤੇ ਲੋੜ ਅਨੁਸਾਰ ਰੈਫਰਲ ਸੇਵਾਵਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਜੈਰੀਐਟ੍ਰਿਕ ਕੇਅਰ ਨੂੰ ਹੋਰ ਮਜ਼ਬੂਤ ਕਰਨ ਅਤੇ ਸਿਖਲਾਈ ਪ੍ਰਾਪਤ ਕੇਅਰਗਿਵਰਾਂ ਦੀ ਉਪਲਬਧਤਾ ਵਧਾਉਣ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ, ਤਾਂ ਜੋ ਬਜ਼ੁਰਗਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਮਿਆਰੀ, ਸੰਵੇਦਨਸ਼ੀਲ ਅਤੇ ਸਮੇਂ ਸਿਰ ਦੇਖਭਾਲ ਮਿਲ ਸਕੇ।

Read More: ਹਰ ਫਰਜ਼ੀ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ, ਜੀ.ਐਸ.ਟੀ. ਧੋਖੇਬਾਜ਼ ਰਹਿਣ ਸਾਵਧਾਨ’: ਹਰਪਾਲ ਸਿੰਘ ਚੀਮਾ

Leave a Reply

Your email address will not be published. Required fields are marked *