ਕਿਹਾ – ਪੰਜਾਬ ਅੰਦਰ ਮੌਜੂਦਾ ਆਫ਼ਤ ਸਮੇਂ ਲੋਕ ਇਕ-ਦੂਜੇ ਦਾ ਸਹਾਰਾ ਬਣਨ
ਅੰਮ੍ਰਿਤਸਰ, 27 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲਹਿੰਦੇ ਪੰਜਾਬ (ਪਾਕਿ) ’ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਆਏ ਹੜ੍ਹ ਦਾ ਪਾਣੀ ਆਉਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਦਰਬਾਰ ਸਮੇਤ ਸਮੁੱਚੇ ਕੰਪਲੈਕਸ ਅੰਦਰ ਕਈ-ਕਈ ਫੁੱਟ ਪਾਣੀ ਨੇ ਭਰ ਗਿਆ ਹੈ, ਜਿਸ ਨਾਲ ਦੇਸ਼-ਵਿਦੇਸ਼ ’ਚ ਵੱਸਦੀ ਸਿੱਖ ਸੰਗਤ ਦੇ ਮਨਾਂ ਅੰਦਰ ਡੂੰਘੀ ਸੱਟ ਵੱਜੀ ਹੈ।
ਜਥੇ. ਗੜਗੱਜ ਨੇ ਕਿਹਾ ਕਿ ਇਸ ਸਾਲ ਭਾਰੀ ਮੀਂਹ ਕਾਰਨ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਾਲੇ ਪਾਸੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਕਾਰਨ ਹੜ੍ਹ ਆਏ ਹੋਏ ਹਨ, ਜਿਸ ਕਾਰਨ ਦੋਵੇਂ ਪਾਸੇ ਫਸਲਾਂ, ਘਰਾਂ ਅਤੇ ਮਾਲ ਡੰਗਰਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਆਫ਼ਤ ਸਮੇਂ ਵਿਚ ਸਾਨੂੰ ਇਕ ਦੂਜੇ ਦਾ ਸਹਾਰਾ ਬਣਦਿਆਂ ਮੁਸੀਬਤ ’ਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੁਦਰਤ ਦੇ ਅੱਗੇ ਕਿਸੇ ਦਾ ਵੱਸ ਨਹੀਂ ਪਰ ਸਰਕਾਰਾਂ ਨੂੰ ਆਪਣੀ ਬਣਦੀ ਭੂਮਿਕਾ ਠੀਕ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਅਜਿਹੀ ਆਫ਼ਤ ਤੋਂ ਬਚਾਇਆ ਜਾ ਸਕੇ।
Read More : ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ