ਸ੍ਰੀ ਦਰਬਾਰ ਸਾਹਿਬ ’ਚ ਸੁਰੱਖਿਆ ਦੇ ਸਖਤ ਪ੍ਰਬੰਧ
ਅੰਮ੍ਰਿਤਸਰ, 19 ਜੁਲਾਈ : ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਅੱਠਵੀਂ ਵਾਰ ਧਮਕੀ ਮਿਲੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਈਮੇਲ ’ਤੇ ਧਮਕੀਆਂ ਦਿੱਤੀਆਂ ਗਈਆਂ ਹਨ। ਪਿਛਲੇ 6 ਦਿਨਾਂ ਵਿਚ ਇਹ ਅੱਠਵੀਂ ਵਾਰ ਹੈ ਜਦੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵਾਲਾ ਈਮੇਲ ਆਇਆ ਹੈ।
ਇਸ ਦੌਰਾਨ ਹਰਿਮੰਦਰ ਸਾਹਿਬ ਵਿਖੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਸਕ ਫੋਰਸ ਵੀ ਹਰਿਮੰਦਰ ਸਾਹਿਬ ਦੇ ਅੰਦਰ ਅਲਰਟ ‘ਤੇ ਹੈ।
ਜ਼ਿਕਰਯੋਗ ਹੈ ਕਿ ਧਮਕੀ ਮਿਲਣ ਦੇ ਮਾਮਲਿਆਂ ’ਚ ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ ’ਚ ਵੀ ਲਿਆ ਹੈ। ਦਰਅਸਲ ਪੁਲਿਸ ਨੇ ਪੁਲਿਸ ਨੇ ਫਰੀਦਾਬਾਦ ਤੋਂ ਇਕ ਸਾਫ਼ਟਵੇਅਰ ਇੰਜੀਨੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀ ਮਿਲਣ ਦੇ ਪਹਿਲੇ ਦਿਨ ਤੋਂ ਹੀ ਬਹੁਤ ਸੰਜੀਦਗੀ ਨਾਲ ਜਾਂਚ ਕੀਤੀ ਜਾ ਰਹੀ ਸੀ। ਧਮਕੀ ਈਮੇਲ ਤੋਂ ਬਾਅਦ ਪੁਲਿਸ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਖਤ ਸੁਰਖਿਆ ਪ੍ਰਬੰਧ ਵੀ ਕੀਤੇ ਗਏ ਸਨ ਅਤੇ ਬੰਬ ਨਿਰੋਧਕ ਦਸਤੇ, ਡਾਗ ਸਕੁਐਡ ਤਾਇਨਾਤ ਕੀਤੇ ਗਏ ਸਨ।
ਇਸ ਤੋਂ ਇਲਾਵਾ ਡੀ. ਜੀ. ਪੀ. ਖੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਸ਼ੁਭਮ ਦੂਬੇ ਨਾਂਅ ਦਾ ਇਕ ਸਾਫਟਵੇਅਰ ਇੰਜੀਨੀਅਰ ਰਾਊਂਡਅਪ ਕੀਤਾ ਗਿਆ ਹੈ, ਜਿਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦਾ ਫੋਨ, ਲੈਪਟਾਪ ਆਦਿ ਚੀਜ਼ਾਂ ਕਬਜ਼ੇ ‘ਚ ਲਈਆਂ ਗਈਆਂ ਹਨ।