ਸੱਚਖੰਡ ਦਰਬਾਰ ਸਾਹਿਬ ਦੀ ਸੁਰੱਖਿਆ ਸਰਕਾਰਾਂ ਦੀ ਜ਼ਿੰਮੇਵਾਰੀ : ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ, 17 ਜੁਲਾਈ : 14 ਜੁਲਾਈ ਤੋਂ ਲਗਾਤਾਰ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭਰੀਆਂ ਈਮੇਲਾਂ ਆ ਰਹੀਆਂ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਵਿਚ ਹੈ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਖ਼ਤ ਪਹਿਰਾ ਦਿੱਤਾ ਜਾ ਰਿਹਾ ਅਤੇ ਬੰਬ ਨਿਰੋਧਕ ਟੀਮਾਂ ਵੀ ਸਮੇਂ-ਸਮੇਂ ਦੇ ਜਾਂਚ ਕਰ ਰਹੀਆਂ ਹਨ। ਇਸ ਦੌਰਾਨ ਐੱਸ. ਜੀ. ਪੀ. ਸੀ. ਨੇ ਪ੍ਰਸ਼ਾਸਨ ਨੂੰ ਇਸ ’ਤੇ ਕਾਰਵਾਈ ਦੀ ਅਪੀਲ ਕੀਤੀ ਸੀ।
ਦੂਜੇ ਪਾਸੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਧਰਮ ਤੇ ਦੇਸ਼ ਦੇ ਲੋਕਾਂ ਲਈ ਸਦਾ ਤੋਂ ਖੁੱਲ੍ਹਾ ਹੈ। ਇੱਥੇ ਹਰ ਕੋਈ ਆ ਕੇ ਮੱਥਾ ਟੇਕ ਸਕਦਾ, ਇਸ਼ਨਾਨ ਕਰ ਸਕਦਾ, ਲੰਗਰ ਛਕ ਸਕਦਾ ਅਤੇ ਸੇਵਾ ਵਿਚ ਹਿੱਸਾ ਲੈ ਸਕਦਾ ਹੈ। ਗੁਰੂ ਸਾਹਿਬ ਦੀ ਬਾਣੀ ਅਨੁਸਾਰ ਇਹ ਅਜਿਹਾ ਦਰ ਹੈ ਜਿੱਥੇ ਕਿਸੇ ਵੀ ਆਉਣ-ਜਾਣ ‘ਤੇ ਕੋਈ ਰੁਕਾਵਟ ਨਹੀਂ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ 14 ਜੁਲਾਈ ਤੋਂ ਲਗਾਤਾਰ ਸ੍ਰੀ ਦਰਬਾਰ ਸਾਹਿਬ ਦੀ ਈਮੇਲ ਆਈ.ਡੀ. ’ਤੇ ਧਮਕੀ ਭਰੀਆਂ ਈਮੇਲਾਂ ਮਿਲ ਰਹੀਆਂ ਹਨ। ਇਹ ਸਵਾਲ ਖੜਾ ਕਰਦਾ ਹੈ ਕਿ ਇੰਨੀ ਅੱਗੇ ਵਧ ਚੁੱਕੀ ਟੈਕਨੋਲੋਜੀ ਹੋਣ ਦੇ ਬਾਵਜੂਦ ਵੀ ਅਜੇ ਤਕ ਨਾਂ ਤਾਂ ਧਮਕੀ ਦੇਣ ਵਾਲੇ ਪੱਕੇ ਤੌਰ ’ਤੇ ਸਾਹਮਣੇ ਆਏ ਹਨ, ਨਾ ਹੀ ਸਰਕਾਰ ਜਾਂ ਏਜੰਸੀਆਂ ਵਲੋਂ ਕੋਈ ਢੁਕਵੀਂ ਕਾਰਵਾਈ ਹੋਈ ਹੈ।
ਗਿਆਨੀ ਰਘਬੀਰ ਸਿੰਘ ਨੇ ਸਖ਼ਤ ਲਹਿਜੇ ’ਚ ਆਖਿਆ ਕਿ ਐੱਸ. ਜੀ. ਪੀ. ਸੀ. ਦੇ ਅੰਦਰਲੇ ਇਲਾਕੇ ਦੀ ਜਿੰਮੇਵਾਰੀ ਐੱਸ. ਜੀ. ਪੀ. ਸੀ. ਪ੍ਰਬੰਧਕਾਂ ਦੀ ਹੈ ਪਰ ਪ੍ਰੀਕਰਮਾ ਤੋਂ ਬਾਹਰ ਦੀ ਜ਼ਿੰਮੇਵਾਰੀ ਸਿੱਧੀ ਤੌਰ ’ਤੇ ਸਰਕਾਰੀ ਪ੍ਰਸ਼ਾਸਨ ਦੀ ਹੈ। ਉਨ੍ਹਾਂ ਕਿਹਾ ਕਿ ਭੇਖਧਾਰੀ ‘ਚ ਆ ਕੇ ਕੋਈ ਵੀ ਵਿਅਕਤੀ ਅਜਿਹਾ ਘਿਨਾਉਣਾ ਕਦਮ ਚੁੱਕ ਸਕਦਾ ਹੈ। ਇਸ ਲਈ ਸਰਕਾਰ ਨੂੰ ਜ਼ਰੂਰੀ ਜਾਂਚ ਕਰ ਕੇ ਸਾਜ਼ਿਸ਼ ਕਰਤਾਵਾਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ।
Read More : ਪੰਜਾਬ-ਦਿੱਲੀ ’ਚ ਫੈਲੇ ਹਥਿਆਰਾਂ ਅਤੇ ਨਾਰਕੋ-ਹਵਾਲਾ ਨੈੱਟਵਰਕ ਦਾ ਪਰਦਾਫਾਸ਼
