IPL 19

SRH ਬਨਾਮ RCB : ਕੋਹਲੀ ਤੇ ਪਡੀਕਲ ਦੀ ਤੂਫ਼ਾਨੀ ਬੱਲੇਬਾਜ਼ੀ ਅੱਗੇ ਹੈਦਰਾਬਾਦ ਨੇ ਗੋਡੇ ਟੇਕੇ

ਚੈਂਪੀਅਨ RCB ਨੇ 202 ਦੌੜਾਂ ਦਾ ਪਹਾੜ ਜਿਹਾ ਟੀਚਾ ਮਹਿਜ਼ 15.4 ਓਵਰਾਂ ‘ਚ ਕੀਤਾ ਫ਼ਤਿਹ; ਜੈਕਬ ਡੱਫੀ ਅਤੇ ਸ਼ੈਫਰਡ ਨੇ ਲਈਆਂ 3-3 ਵਿਕਟਾਂ

ਬੈਂਗਲੁਰੂ, 28 ਮਾਰਚ : ਆਈਪੀਐਲ ਦੇ 19ਵੇਂ ਸੀਜ਼ਨ ਦੀ ਸ਼ੁਰੂਆਤ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਸ਼ਾਨਦਾਰ ਜਿੱਤ ਨਾਲ ਕੀਤੀ ਹੈ। ਸ਼ਨੀਵਾਰ ਨੂੰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਇਸ ਹਾਈ-ਵੋਲਟੇਜ ਮੁਕਾਬਲੇ ਵਿਚ ਆਰਸੀਬੀ ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 6 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਆਪਣੇ ਖਿਤਾਬ ਦੀ ਰਾਖੀ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਈਸ਼ਾਨ ਕਿਸ਼ਨ ਦੀ ਪਾਰੀ ‘ਤੇ ਫਿਰਿਆ ਪਾਣੀ

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਟੀਮ ਨੇ ਮਹਿਜ਼ 29 ਦੌੜਾਂ ‘ਤੇ 3 ਅਹਿਮ ਵਿਕਟਾਂ ਗੁਆ ਦਿੱਤੀਆਂ। ਇਸ ਸੰਕਟ ਦੀ ਘੜੀ ਵਿਚ ਕਪਤਾਨ ਈਸ਼ਾਨ ਕਿਸ਼ਨ ਨੇ ਮੋਰਚਾ ਸੰਭਾਲਿਆ ਅਤੇ 38 ਗੇਂਦਾਂ ਵਿਚ 80 ਦੌੜਾਂ (8 ਚੌਕੇ, 5 ਛੱਕੇ) ਦੀ ਆਤਸ਼ੀ ਪਾਰੀ ਖੇਡੀ।

ਅਨਿਕੇਤ ਵਰਮਾ (43 ਦੌੜਾਂ) ਅਤੇ ਹੇਨਰਿਕ ਕਲਾਸੇਨ (31 ਦੌੜਾਂ) ਦੀ ਬਦੌਲਤ ਹੈਦਰਾਬਾਦ ਨੇ 9 ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ। ਆਰਸੀਬੀ ਵੱਲੋਂ ਆਪਣਾ ਪਹਿਲਾ ਮੈਚ ਖੇਡ ਰਹੇ ਜੈਕਬ ਡਫੀ ਅਤੇ ਰੋਮਾਰੀਓ ਸ਼ੈਫਰਡ ਨੇ 3-3 ਵਿਕਟਾਂ ਝਟਕਾ ਕੇ ਹੈਦਰਾਬਾਦ ਦੀ ਰਫ਼ਤਾਰ ਨੂੰ ਲਗਾਮ ਪਾਈ।

ਕੋਹਲੀ ਅਤੇ ‘ਇਮਪੈਕਟ ਪਲੇਅਰ’ ਪਡੀਕਲ ਦਾ ਕਹਿਰ

202 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਆਰਸੀਬੀ ਨੇ ਫਿਲ ਸਾਲਟ (8) ਦਾ ਵਿਕਟ ਜਲਦੀ ਗੁਆ ਦਿੱਤਾ ਸੀ, ਪਰ ਇਸ ਤੋਂ ਬਾਅਦ ਮੈਦਾਨ ‘ਤੇ ਵਿਰਾਟ ਕੋਹਲੀ ਅਤੇ ‘ਇਮਪੈਕਟ ਪਲੇਅਰ’ ਵਜੋਂ ਆਏ ਦੇਵਦੱਤ ਪਡੀਕਲ ਨੇ ਹੈਦਰਾਬਾਦ ਦੇ ਗੇਂਦਬਾਜ਼ਾਂ ਦੀਆਂ ਬਖੀਆਂ ਉਧੇੜ ਦਿੱਤੀਆਂ।

ਦੋਵਾਂ ਵਿਚਾਲੇ ਦੂਜੇ ਵਿਕਟ ਲਈ 101 ਦੌੜਾਂ ਦੀ ਤੂਫ਼ਾਨੀ ਸਾਂਝੇਦਾਰੀ ਹੋਈ। ਪਡੀਕਲ ਨੇ ਮਹਿਜ਼ 26 ਗੇਂਦਾਂ ਵਿੱਚ 61 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ ਨੇ ਇੱਕ ਸਿਰੇ ‘ਤੇ ਟਿਕ ਕੇ 38 ਗੇਂਦਾਂ ਵਿੱਚ 5 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਨਾਬਾਦ 69 ਦੌੜਾਂ ਠੋਕੀਆਂ।

ਕਪਤਾਨ ਰਜਤ ਪਾਟੀਦਾਰ ਨੇ ਵੀ 12 ਗੇਂਦਾਂ ਵਿੱਚ 31 ਦੌੜਾਂ ਦਾ ਤੇਜ਼ ਯੋਗਦਾਨ ਪਾ ਕੇ ਜਿੱਤ ਦੀ ਰਾਹ ਪੱਧਰੀ ਕੀਤੀ। ਆਰਸੀਬੀ ਨੇ ਇਹ ਟੀਚਾ ਮਹਿਜ਼ 15.4 ਓਵਰਾਂ ਵਿੱਚ ਹੀ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।

ਭਾਵੁਕ ਪਲ ਅਤੇ ਡੈਬਿਊ

ਸਟੇਡੀਅਮ ਵਿੱਚ ਵਾਪਰੀ ਭਗਦੜ ਦੀ ਇੱਕ ਮੰਦਭਾਗੀ ਘਟਨਾ ਕਾਰਨ ਦੋਵਾਂ ਟੀਮਾਂ ਦੇ ਖਿਡਾਰੀ ਬਾਂਹ ‘ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ ਵਿੱਚ ਉਤਰੇ। ਇਸ ਮੈਚ ਵਿਚ ਆਰਸੀਬੀ ਲਈ ਅਭਿਨੰਦਨ ਸਿੰਘ ਤੇ ਜੈਕਬ ਡਫੀ ਅਤੇ ਹੈਦਰਾਬਾਦ ਲਈ ਸਲਿਲ ਅਰੋੜਾ ਤੇ ਡੇਵਿਡ ਪੇਨ ਨੇ ਆਪਣਾ ਆਈਪੀਐਲ ਡੈਬਿਊ ਕੀਤਾ। ਇਸ ਜਿੱਤ ਨਾਲ ਬੈਂਗਲੁਰੂ ਨੇ ਪੁਆਇੰਟ ਟੇਬਲ ਵਿੱਚ ਆਪਣਾ ਖਾਤਾ ਖੋਲ੍ਹ ਲਿਆ ਹੈ।

Read More : ਐੱਸ.ਜੀ.ਪੀ.ਸੀ. ਦਾ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸ

Leave a Reply

Your email address will not be published. Required fields are marked *