Speaker Kultar Singh

ਸਪੀਕਰ ਸੰਧਵਾਂ ਨੇ ਪੀ. ਯੂ. ਦੇ ਵਾਈਸ ਚਾਂਸਲਰ ਅਤੇ ਵਿਦਵਾਨਾਂ ਨਾਲ ਕੀਤੀਆਂ ਵਿਚਾਰਾਂ

ਕਿਹਾ-ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਵੱਡੇ ਪੱਧਰ ’ਤੇ ਮਨਾਏਗੀ

ਪਟਿਆਲਾ, 25 ਜੂਨ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਸਰਕਾਰ ਵੱਲੋਂ ਇਸੇ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਸ਼ਤਾਬਦੀ ਅਤੇ 2026 ’ਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੀ ਸ਼ਤਾਬਦੀ ਨੂੰ ਸ਼ਰਧਾ-ਸਤਿਕਾਰ ਅਤੇ ਆਧੁਨਿਕ ਢੰਗ ਦੇ ਸੁਮੇਲ ਨਾਲ ਮਨਾਉਣ ਲਈ ਵਿਚਾਰ ਵਟਾਂਦਰਾ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਹੋਰ ਵਿਦਵਾਨਾਂ ਦੀ ਕਮੇਟੀ ਨਾਲ ਅਹਿਮ ਬੈਠਕ ਕੀਤੀ।

ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਵੱਡੇ ਪ੍ਰੋਗਰਾਮ ਉਲੀਕ ਰਹੀ ਹੈ। ਇਸ ਲਈ ਉਹ ਬਤੌਰ ਨਿਮਾਣੇ ਸਿੱਖ ਪੰਜਾਬ ਸਰਕਾਰ ਵੱਲੋਂ ਸੰਗਤ ਅਤੇ ਵਿਦਵਾਨਾਂ ਅਤੇ ਇਤਿਹਾਸਕ ਮਾਹਰਾਂ ਦੀਆਂ ਕਮੇਟੀਆਂ ਕੋਲੋਂ ਸੁਝਾਓ ਲੈ ਰਹੇ ਹਨ ਤਾਂ ਕਿ ਪੰਜਾਬ ਸਰਕਾਰ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਇਹ ਦਿਹਾੜੇ ’ਤੇ ਮਹਾਨ ਸ਼ਤਾਬਦੀਆਂ ਪੂਰੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਭਾਵਨਾ ਨਾਲ ਮਨਾ ਸਕੇ।

ਸਪੀਕਰ ਸੰਧਵਾਂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਅਧਿਆਤਮਿਕ ਵਿਰਾਸਤ ਸਾਡੇ ਸਭਨਾਂ ਲਈ ਸ਼ਰਧਾ ਤੇ ਸਤਿਕਾਰ ਹੋਣ ਸਮੇਤ ਕੁਲ ਦੁਨੀਆਂ ਲਈ ਮਨੁੱਖੀ ਹੱਕਾਂ ਦੀ ਰਾਖੀ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਹੈ। ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਤਿਹਾਸਕ ਤੇ ਵਿਰਾਸਤੀ ਧਰੋਹਰ ਦੀ ਕੁਲ ਜਹਾਨ ਲਈ ਵਿਸ਼ੇਸ਼ ਮਹੱਤਤਾ ਹੈ, ਜਿਸ ਨੂੰ ਦੁਨੀਆਂ ਭਰ ਤੱਕ ਪੁੱਜਦਾ ਕਰਨਾ ਹੈ, ਜਿਸ ਲਈ ਉਹ ਖਾਸ ਤੌਰ ’ਤੇ ਧੰਨਵਾਦੀ ਹਨ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੀ ਗਠਿਤ ਵਿਸ਼ੇਸ਼ ਕਮੇਟੀ ਦੇ ਮੈਂਬਰਾਂ ਪ੍ਰੋ. ਪਰਮਵੀਰ ਸਿੰਘ, ਡਾ. ਜਸਵਿੰਦਰ ਸਿੰਘ ਅਤੇ ਡਾ. ਸੰਦੀਪ ਕੌਰ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਕੀਮਤੀ ਸੁਝਾਅ ਦਿੱਤੇ ਹਨ।

ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਗਏ ਵੱਖ-ਵੱਖ ਸੁਝਾਵਾਂ ਦਾ ਸਵਾਗਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬੀ ਯੂਨੀਵਰਸਿਟੀ ਬੜੀ ਹੀ ਸੁਹਿਰਦਤਾ ਨਾਲ ਇਸ ਦਿਸ਼ਾ ’ਚ ਕਾਰਜ ਕਰ ਰਹੀ ਹੈ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੀਆਂ ਅਜਿਹੀਆਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਇਸ ਮਕਸਦ ਲਈ ਕਮੇਟੀ ਦਾ ਗਠਨ ਕਰ ਕੇ ਸਾਰੇ ਵਿਭਾਗਾਂ ਤੋਂ ਪ੍ਰੋਗਰਾਮਾਂ ਬਾਰੇ ਤਜਵੀਜ਼ਾਂ ਮੰਗ ਲਈਆਂ ਹਨ।

Read More : ਬਿਜਲੀ ਮੰਤਰੀ ਵੱਲੋਂ ਪੀ. ਐੱਸ. ਪੀ. ਸੀ. ਐੱਲ ਦਫਤਰਾਂ ਦੀ ਚੈਕਿੰਗ

Leave a Reply

Your email address will not be published. Required fields are marked *