3 ਮਿੰਟ 35 ਸਕਿੰਟਾਂ ’ਚ ਸੁਣਾਏ 195 ਦੇਸ਼ਾਂ ਦੇ ਨਾਮ
ਗੁਰਦਾਸਪੁਰ, 1 ਫਰਵਰੀ : ਗੁਰਦਾਸਪੁਰ ਦੇ ਨਗਰ ਸੁਧਾਰ ਟਰੱਸਟ (ਸਕੀਮ ਨੰਬਰ-1) ਦੇ ਰਹਿਣ ਵਾਲੇ 7 ਸਾਲਾ ਬੱਚੇ ਕਰਮਨਬੀਰ ਸਿੰਘ ਨੇ ਆਪਣੀ ਯਾਦਸ਼ਕਤੀ ਦਾ ਲੋਹਾ ਮਨਾਉਂਦਿਆਂ ‘ਇੰਡੀਆ ਰਿਕਾਰਡ ਬੁੱਕ’ ’ਚ ਆਪਣਾ ਨਾਮ ਦਰਜ ਕਰਵਾਇਆ ਹੈ। ਕਰਮਨਬੀਰ ਨੇ ਮਹਿਜ਼ 3 ਮਿੰਟ 35 ਸਕਿੰਟਾਂ ’ਚ ਦੁਨੀਆ ਦੇ 195 ਦੇਸ਼ਾਂ ਦੇ ਨਾਮ ਬਿਨਾਂ ਕਿਸੇ ਗਲਤੀ ਤੋਂ ਬੋਲ ਕੇ ਇਹ ਵਿਲੱਖਣ ਰਿਕਾਰਡ ਕਾਇਮ ਕੀਤਾ ਹੈ।
ਕਰਮਨਬੀਰ ਸਿੰਘ ਸਥਾਨਕ ਜੀਆ ਲਾਲ ਮਿੱਤਲ ਡੀ.ਏ.ਵੀ. ਸਕੂਲ ਵਿਖੇ ਦੂਸਰੀ ਜਮਾਤ ਦਾ ਵਿਦਿਆਰਥੀ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਵਿਖੇ ਤੈਨਾਤ ਸਹਾਇਕ ਪ੍ਰੋਫੈਸਰ ਡਾ. ਤੇਜਬੀਰ ਸਿੰਘ ਅਤੇ ਡਾ. ਨਿਧੀ ਦਾ ਸਪੁੱਤਰ ਹੈ। ਇਸ ਨੰਨ੍ਹੇ ਬੱਚੇ ਦੀ ਪ੍ਰਾਪਤੀ ਨਾਲ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਜ਼ਿਲੇ ’ਚ ਖੁਸ਼ੀ ਦੀ ਲਹਿਰ ਹੈ। ਸ਼ਹਿਰ ਵਾਸੀਆਂ ਅਤੇ ਸਿੱਖਿਆ ਜਗਤ ਵੱਲੋਂ ਬੱਚੇ ਦੀ ਇਸ ਕਾਬਲੀਅਤ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਬੱਚੇ ਦੇ ਮਾਪਿਆਂ ਨੇ ਦੱਸਿਆ ਕਿ ਕਰਮਨਬੀਰ ਨੂੰ ਸ਼ੁਰੂ ਤੋਂ ਹੀ ਪੜ੍ਹਾਈ ਅਤੇ ਜਨਰਲ ਨੌਲੇਜ (General Knowledge) ਵਾਲੀਆਂ ਗਤੀਵਿਧੀਆਂ ਲਈ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਬੱਚੇ ਦੀ ਮਿਹਨਤ ਅਤੇ ਪਰਿਵਾਰ ਦੇ ਸਹਿਯੋਗ ਦਾ ਨਤੀਜਾ ਹੈ। ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਸਹੀ ਮਾਰਗਦਰਸ਼ਨ ਨਾਲ ਛੋਟੀ ਉਮਰ ’ਚ ਵੀ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ।
Read More : ਬਜਟ ’ਚ ਭਾਰਤ ਦੇ ਅਸਲ ਸੰਕਟਾਂ ਤੋਂ ਅੱਖਾਂ ਮੀਚ ਲਈਆਂ ਗਈਆਂ : ਰਾਹੁਲ ਗਾਂਧੀ
