ਅੰਮ੍ਰਿਤਸਰ, 16 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੇ ਆਗੂ ਮੁਨੀਸ਼ ਸਿਸੋਦੀਆ ਵੱਲੋਂ ਪੰਜਾਬ ਅੰਦਰ 2027 ਦੀਆਂ ਚੋਣਾਂ ਜਿੱਤਣ ਲਈ ਜ਼ਬਰਦਸਤੀ, ਪੈਸੇ, ਗੁੰਡਾਗਰਦੀ, ਝੂਠ, ਫਰੇਬ ਆਦਿ ਦਾ ਸਹਾਰਾ ਲੈਣ ਲਈ ਵਰਕਰਾਂ ਨੂੰ ਉਕਸਾਉਣ ਦੇ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਗੁਰੂ ਸਾਹਿਬਾਨ ਦੀ ਧਰਤੀ ਪੰਜਾਬ ਦੇ ਪਵਿੱਤਰ ਇਤਿਹਾਸ ਤੇ ਵਿਰਾਸਤ ਨੂੰ ਖੰਡਤ ਕਰਨ ਵਾਲੀ ਹਰਕਤ ਹੈ। ਉਨ੍ਹਾਂ ਕਿਹਾ ਕਿ ਸਿਸੋਦੀਆ ਦੇ ਇਸ ਪ੍ਰਗਟਾਵੇ ਨਾਲ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੀ ਆਪਣੀ ਇਤਿਹਾਸਕ ਮਹੱਤਤਾ ਅਤੇ ਸੱਭਿਆਚਾਰਕ ਤੇ ਧਾਰਮਿਕ ਖਾਸਾ ਹੈ। ਪੰਜਾਬ ਗੁਰੂਆਂ ਦੇ ਨਾਂ ’ਤੇ ਵੱਸਦਾ ਹੈ ਅਤੇ ਇਥੇ ਦਾ ਹਰ ਕੋਨਾ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਹੋਣ ਕਰਕੇ ਇਕ ਸ਼ਾਨਾਂਮੱਤੀ ਵਿਰਾਸਤ ਨਾਲ ਬੱਝਾ ਹੋਇਆ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਜਿਸ ਨੂੰ ਕਲੰਕਤ ਕਰਨ ਵਾਲੀ ਵਿਚਾਰਧਾਰਾ ਦਾ ਵਿਰੋਧ ਕਰਨਾ ਹਰ ਪੰਜਾਬੀ ਦਾ ਧਰਮ-ਕਰਮ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਇਤਿਹਾਸਕ ਖਾਸੇ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਅਜਿਹੇ ਲੋਕਾਂ ਅਤੇ ਸ਼ਕਤੀਆਂ ਦਾ ਕਰੜਾ ਵਿਰੋਧ ਕਰਨ, ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
Read More : ਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਧਨੋਆ ਪੁਲ ‘ਚ ਦਰਾਰ