ਮੋਹਾਲੀ, 26 ਅਗਸਤ : ਪੰਜਾਬੀ ਗਾਇਕ ਮਨਕੀਰਤ ਸਿੰਘ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ਾਂ ਹੇਠ ਮੋਹਾਲੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੂੰ 21.08.2025 ਨੂੰ ਇਸ ਮਾਮਲੇ ਬਾਰੇ ਜਾਣਕਾਰੀ ਮਿਲਣ ‘ਤੇ ਮੁਕੱਦਮਾ ਨੰਬਰ 149 ਥਾਣਾ ਮਾਟੋਰ, ਜ਼ਿਲ੍ਹਾ ਐੱਸਏਐੱਸ ਨਗਰ ਵਿੱਚ ਧਾਰਾ 318(5), 351(2) ਬੀਆਈਐੱਨਐੱਸ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਧਮਕੀ ਅਤੇ ਫਿਰੌਤੀ ਮੰਗਣ ਵਾਲੇ ਵਿਅਕਤੀ ਦਾ ਨਾਂ ਹਰਜਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਖੁੱਡਾ ਜੱਸੂ, ਥਾਣਾ ਸਾਰੰਗਪੁਰ, ਯੂਟੀ ਚੰਡੀਗੜ੍ਹ ਹੈ, ਜਿਸ ਨੇ ਆਪਣਾ ਦੂਜਾ ਨਾਂ ਰਵਿੰਦਰ ਸਿੰਘ ਪੁੱਤਰ ਮਲਾਰਾ ਸਿੰਘ ਵਾਸੀ ਖੁੱਡਾ ਜੱਸੂ ਰੱਖਿਆ ਹੋਇਆ ਸੀ। ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਕਿ ਹਰਜਿੰਦਰ ਸਿੰਘ ਉਰਫ਼ ਰਵਿੰਦਰ ਸਿੰਘ ਕਈ ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ ਅਤੇ ਹੁਣ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ।
ਮੋਹਾਲੀ ਪੁਲਿਸ ਨੇ ਖੁਫੀਆ ਤਰੀਕੇ ਨਾਲ ਕੀਤੀ ਕਾਰਵਾਈ ਦੌਰਾਨ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਉਹ ਪੁਲਿਸ ਕਸਟਡੀ ਵਿੱਚ ਹੈ ਅਤੇ ਉਮੀਦ ਹੈ ਕਿ ਇਸ ਪੁੱਛਗਿੱਛ ਤੋਂ ਹੋਰ ਮਹੱਤਵਪੂਰਨ ਖੁਲਾਸੇ ਹੋਣਗੇ।
ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਇੰਡਸਟਰੀ ਨਾਲ ਜੁੜੇ ਵਿਅਕਤੀਆਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਏਗੀ।
Read More : ਪਾਕਿ ਤੋਂ ਭਾਰਤ ਪਹੁੰਚੇ 5 ਪਿਸਤੌਲਾਂ ਸਮੇਤ ਸਮੱਗਲਰ ਗ੍ਰਿਫ਼ਤਾਰ