Advocate Dhami

ਅੰਮ੍ਰਿਤ ਛਕਾਉਣ ਵਾਲੀ ਤਸਵੀਰ ’ਚ ਗੁਰੂ ਸਾਹਿਬ ਦੇ ਪੈਰੀਂ ਜੋੜਾ ਦਿਖਾਉਣਾ ਸਿੱਖ ਸਿਧਾਂਤਾਂ ਦਾ ਉਲੰਘਣ : ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਸਰਕਾਰ ਵੱਲੋਂ ਭਾਈ ਜੈਤਾ ਜੀ ਦੀ ਯਾਦਗਾਰ ’ਚ ਸਿਧਾਂਤ ਵਿਰੋਧੀ ਕਾਰਵਾਈ ’ਤੇ ਚੁੱਕੇ ਸਵਾਲ

ਅੰਮ੍ਰਿਤਸਰ, 11 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀ ਗਈ ਭਾਈ ਜੈਤਾ ਜੀ ਦੀ ਯਾਦਗਾਰ ਵਿਚ ਲਗਾਈ ਗਈ ਤਸਵੀਰ ਨੂੰ ਲੈ ਕੇ ਸਵਾਲ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਯਾਦਗਾਰ ਵਿਚ ਲਗਾਈ ਤਸਵੀਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਪੈਰਾਂ ਵਿਚ ਜੋੜਾ (ਜੁੱਤਾ) ਦਿਖਾਉਣਾ ਸਿੱਖ ਸਿਧਾਂਤਾਂ, ਮਰਿਆਦਾ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਯਾਦਗਾਰ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ, ਸੰਗਤ ਨੂੰ ਸੇਧ ਦੇਣ ਦੀ ਥਾਂ ਠੇਸ ਪਹੁੰਚਾਏਗੀ।

ਉਨ੍ਹਾਂ ਕਿਹਾ ਕਿ ਸਿੱਖੀ ਅਨੁਸਾਰ ਅੰਮ੍ਰਿਤ ਸੰਸਕਾਰ ਇਕ ਪਵਿੱਤਰ ਤੇ ਮਰਿਆਦਤ ਸੰਸਕਾਰ ਹੈ, ਜਿਸ ਵਿਚ ਆਦਰ ਤੇ ਸਤਿਕਾਰ ਦਾ ਹੋਣਾ ਲਾਜ਼ਮੀ ਹੈ ਪਰ ਸਰਕਾਰ ਨੇ ਤਸਵੀਰ ਰਾਹੀਂ ਇਸ ਪਵਿੱਤਰ ਪ੍ਰਕਿਰਿਆ ਨੂੰ ਵਿਗਾੜਣ ਦੀ ਹਰਕਤ ਕਰ ਕੇ ਸਿਧਾਂਤਕ ਉਲੰਘਣਾ ਕੀਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਦੀ ਧਾਰਮਿਕ ਮਾਮਲਿਆਂ ’ਚ ਦਖ਼ਲਅੰਦਾਜ਼ੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਵੀ ਸਰਕਾਰ ਨੇ ਸ੍ਰੀਨਗਰ ਵਿਚ ਕੀਤੇ ਧਾਰਮਿਕ ਸਮਾਗਮ ਦੌਰਾਨ ਮਰਿਆਦਾ ਦੀ ਉਲੰਘਣਾ ਕੀਤੀ ਸੀ ਅਤੇ ਹੁਣ ਭਾਈ ਜੈਤਾ ਜੀ ਦੀ ਸਥਾਪਿਤ ਕੀਤੀ ਯਾਦਗਾਰ ਵਿਚ ਸਿਧਾਂਤ ਵਿਰੁੱਧ ਤਸਵੀਰ ਲਗਾ ਕੇ ਮੁੜ ਅਜਿਹਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸਰਕਾਰ ਧਾਰਮਿਕ ਤੇ ਇਤਿਹਾਸਕ ਮਾਮਲਿਆਂ ਦੀ ਸਮਝ ਨਾ ਰੱਖਣ ਵਾਲੇ ਅਧਿਕਾਰੀਆਂ ਤੋਂ ਕੰਮ ਲੈ ਰਹੀ ਹੈ, ਜਿਸ ਕਰ ਕੇ ਅਜਿਹੇ ਗੰਭੀਰ ਸਿਧਾਂਤਕ ਉਲੰਘਣ ਹੋ ਰਹੇ ਹਨ। ਧਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਤੁਰੰਤ ਇਸ ਤਸਵੀਰ ਨੂੰ ਮੈਮੋਰੀਅਲ ਤੋਂ ਹਟਾਏ ਅਤੇ ਕੌਮ ਪਾਸੋਂ ਮੁਆਫ਼ੀ ਮੰਗੇ। ਜੇਕਰ ਸਰਕਾਰ ਨੇ ਇਸ ਗੰਭੀਰ ਮਾਮਲੇ ਨੂੰ ਹਲਕੇ ’ਚ ਲਿਆ ਤਾਂ ਸ਼੍ਰੋਮਣੀ ਕਮੇਟੀ ਇਸ ’ਤੇ ਆਪਣੇ ਪੱਧਰ ’ਤੇ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।

Read More : ਪੀ.ਯੂ. ਦੇ ਵਿਦਿਆਰਥੀਆਂ ’ਤੇ ਲਾਠੀਚਾਰਜ ਨਿੰਦਣਯੋਗ ਕਾਰਵਾਈ : ਰਾਜਾ ਵੜਿੰਗ

Leave a Reply

Your email address will not be published. Required fields are marked *