ਦੁਕਾਨਦਾਰਾਂ ਨੇ ਪੁਲਸ ਵਿਰੁੱਧ ਕੀਤੀ ਨਾਅਰੇਬਾਜ਼ੀ
ਬਟਾਲਾ, 16 ਦਸੰਬਰ : ਬਟਾਲਾ ’ਚ 30 ਲੱਖ ਦੀ ਫਿਰੌਤੀ ਨਾ ਦੇਣ ’ਤੇ ਡੇਰਾ ਰੋਡ ਸਥਿਤ ਇਕ ਕਰਿਆਨਾ ਵਪਾਰੀ ਦੀ ਦੁਕਾਨ ’ਤੇ ਚਿੱਟੇ ਦਿਨ ਅਣਪਛਾਤੇ ਨੌਜਵਾਨ ਵੱਲੋਂ ਗੋਲੀ ਚਲਾ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਰੋਸ ਵਜੋਂ ਨਾਲ ਲੱਗਦੇ ਕੁਝ ਇਕ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਪੁਲਸ ਵਿਰੁੱਧ ਨਾਅਰੇਬਾਜ਼ੀ ਕਰ ਦਿੱਤੀ।
ਇਸ ਸਬੰਧੀ ਕਰਿਆਨਾ ਸਟੋਰ ਦੇ ਮਾਲਕ ਮਨੂੰ ਮਲਹੋਤਰਾ ਅਤੇ ਕਾਰਤਿਕ ਮਲਹੋਤਰਾ ਪੁੱਤਰਾਨ ਕਪਿਲ ਮਲਹੋਤਰਾ ਵਾਸੀ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਡੇਰਾ ਰੋਡ ’ਤੇ ਰਾਕੇਸ਼ ਕੁਮਾਰ ਐਂਡ ਸੰਨਜ਼ ਨਾਂ ’ਤੇ ਕਰਿਆਨੇ ਦੀ ਦੁਕਾਨ ਹੈ ਅਤੇ ਕਰੀਬ ਇਕ ਹਫਤਾ ਪਹਿਲਾਂ ਉਨ੍ਹਾਂ ਨੂੰ 30 ਲੱਖ ਰੁਪਏ ਦੀ ਫਿਰੌਤੀ ਦੀ ਕਾਲ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਸੀ।
ਉਕਤ ਦੁਕਾਨ ਮਾਲਕਾਂ ਨੇ ਦੱਸਿਆ ਕਿ ਅੱਜ ਸਵੇਰੇ ਇਕ ਅਣਪਾਤਾ ਨੌਜਵਾਨ ਉਨ੍ਹਾਂ ਦੀ ਦੁਕਾਨ ਅੱਗੇ ਪੈਦਲ ਆਇਆ, ਜਿਸ ਨੇ ਸੜਕ ’ਤੇ ਖੜ੍ਹੇ ਹੋ ਕੇ ਸਿੱਧੀ ਦੁਕਾਨ ਵੱਲ ਗੋਲੀ ਚਲਾ ਦਿੱਤੀ, ਜੋ ਦੁਕਾਨ ’ਤੇ ਲੱਗੇ ਬੋਰਡ ’ਤੇ ਜਾ ਵੱਜੀ। ਇਸ ਤੋਂ ਬਾਅਦ ਅਣਪਛਾਤਾ ਨੌਜਵਾਨ ਡੇਰਾ ਰੋਡ ਸਥਿਤ ਰੇਲਵੇ ਫਾਟਕ ਵੱਲ ਨੂੰ ਫਰਾਰ ਹੋ ਗਿਆ।
ਇਸ ਦੌਰਾਨ ਦੁਕਾਨਾਂ ਵਾਲਿਆਂ ਨੇ ਰੋਸ ਵਜੋਂ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਸਮੇਂ ਹਲਕਾ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ, ਐੱਸ. ਐੱਚ. ਓ. ਸਿਵਲ ਲਾਈਨ ਹਰਜਿੰਦਰ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ, ਐੱਸ. ਐੱਚ. ਓ. ਸਿਟੀ ਸੁਖਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ।
ਇਸ ਦੌਰਾਨ ਵਿਧਾਇਕ ਕਲਸੀ ਨੇ ਦੁਕਾਨਦਾਰਾਂ ਨੂੰ ਜਿਥੇ ਬਣਦਾ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ, ਉਥੇ ਨਾਲ ਹੀ ਪੁਲਸ ਅਧਿਕਾਰੀਆਂ ਨੂੰ ਗੋਲੀ ਚਲਾਉਣ ਵਾਲੇ ਅਣਪਛਾਤੇ ਨੌਜਵਾਨ ਨੂੰ ਜਲਦ ਗ੍ਰਿਫਤਾਰ ਕਰਨ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ।
Read More : ਸੜਕ ਹਾਦਸੇ ਵਿਚ ਮਾਂ ਦੀ ਮੌਤ, ਪੁੱਤਰ ਜ਼ਖਮੀ
