ਪੁਲਸ ਪ੍ਰਸ਼ਾਸ਼ਨ ਨੇ ਧਰਨਾਕਾਰੀਆਂ ਨੂੰ ਚੁੱਕ ਕੇ ਥਾਣੇ ’ਚ ਕੀਤਾ ਬੰਦ, ਖੋਲ੍ਹਿਆ ਜਿੰਦਰਾ
ਮੌੜ ਮੰਡੀ, 4 ਅਗਸਤ : ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੇ ਕੁਝ ਦਿਨ ਪਹਿਲਾ ਹੋਏ ਸਮਝੌਤੇ ਅਨੁਸਾਰ ਸੜਕ ਬਣਾਉਣ ਦਾ ਕੰਮ ਸ਼ੁਰੂ ਨਾ ਕੀਤੇ ਜਾਣ ਦੇ ਵਿਰੋਧ ’ਚ ਅੱਜ ਬੱਸ ਸਟੈਂਡ ਮਾਰਕੀਟ ਦੇ ਦੁਕਾਨਦਾਰਾਂ ਨੇ ਨਗਰ ਕੌਂਸਲ ਮੌੜ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਕਾਰਜ਼ ਸਾਧਕ ਅਫ਼ਸਰ, ਪ੍ਰਧਾਨ ਅਤੇ ਸਰਕਾਰ ਦੇ ਖਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ ਤੇ ਨਗਰ ਕੌਂਸਲ ਮੌੜ ਦੇ ਦਫ਼ਤਰ ਨੂੰ ਜਿੰਦਰਾਂ ਮਾਰ ਕੇ ਮੁਲਾਜ਼ਮਾਂ ਨੂੰ ਕਈ ਘੰਟੇ ਤੱਕ ਬੰਦੀ ਬਣਾਈ ਰੱਖਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਧਰਨਕਾਰੀਆਂ ਨਵਦੀਪ ਮਿੱਤਲ, ਰਾਜੀਵ ਕੁਮਾਰ, ਸਰਬਜੀਤ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਦਿਨ ਰਾਮਨਗਰ ਕੈਂਚੀਆਂ ਤੇ ਦਿੱਤੇ ਧਰਨੇ ਸਮੇਂ ਪ੍ਰਸ਼ਾਸ਼ਨ ਨੇ ਵਾਅਦਾ ਕੀਤਾ ਸੀ ਕਿ ਟਰੱਕ ਯੂਨੀਅਨ ਤੋਂ ਘੁੰਮਣ ਕੈਂਚੀਆਂ ਵਾਲੀ ਸੜਕ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ ਪਰ ਪ੍ਰਸ਼ਾਸ਼ਨ ਨੇ ਆਪਣੇ ਵਾਅਦੇ ਅਨੁਸਾਰ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਨਾ ਤਾਂ ਦੂਰ ਸੜਕ ’ਤੇ ਖੜ੍ਹੇ ਪਾਣੀ ਨੂੰ ਕੱਢਣ ਦੇ ਵੀ ਪ੍ਰਬੰਧ ਨਹੀ ਕੀਤੇੇ।
ਖੁੱਲ੍ਹੇ ਸੀਵਰੇਜ਼ ਦੇ ਢੱਕਣ ਕਿਸੇ ਵੀ ਸਮੇਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ, ਜਿਸ ਵੱਲ ਪ੍ਰਸ਼ਾਸ਼ਨ ਦਾ ਕੋਈ ਧਿਆਨ ਨਹੀ। ਉਨ੍ਹਾਂ ਕਿਹਾ ਕਿ ਕਿਸੇ ਸ਼ਾਜ਼ਿਸ਼ ਅਧੀਨ ਮੌੜ ਕਲਾਂ ਦੀ ਸਾਈਡ ਤੋਂ ਸੀਵਰੇਜ਼ ਦਾ ਗੰਦਾ ਪਾਣੀ ਬੱਸ ਸਟੈਂਡ ਵੱਲ ਭੇਜਿਆ ਜਾ ਰਿਹਾ ਹੈ ਜਿਸ ਕਾਰਨ ਦੁਕਾਨਦਾਰਾਂ ਦਾ ਰੁਜ਼ਗਾਰ ਬਿਲਕੁੱਲ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਜਿੰਨੀ ਦੇਰ ਸਾਡੀਆਂ ਮੁੱਖ ਸਮੱਸਿਆਵਾਂ ਦਾ ਹੱਲ ਨਹੀ ਕਰਦਾ, ਉਨੀ ਦੇਰ ਧਰਨਾ ਜਾਰੀ ਰਹੇਗਾ।
ਇਸ ਉਪਰੰਤ ਸੀਵਰੇਜ਼ ਬੋਰਡ ਦੇ ਜੇ.ਈ. ਲੱਖਣ ਸ਼ਰਮਾ, ਐੱਸ. ਡੀ.ਐੱਮ. ਦੇ ਰੀਡਰ ਰਾਜੀਵ ਕੁਮਾਰ, ਤਹਿਸੀਲਦਾਰ ਦੇ ਰੀਡਰ ਸਰਬਜੀਤ ਸਿੰਘ, ਸੈਨਟਰੀ ਅਫ਼ਸਰ ਬਲਜਿੰਦਰ ਸਿੰਘ ਨੇ ਨਗਰ ਕੌਂਸਲ ਮੌੜ ਵਿਖੇ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਮੱਸਿਆਵਾਂ ਦੇ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਧਰਨਾਕਾਰੀ ਨਾ ਮੰਨੇ ਅਤੇ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਨਗਰ ਕੌਂਸਲ ਮੌੜ ਵਿਖੇ ਬੰਦੀ ਬਣਾਈ ਰੱਖਿਆ, ਜਿਸ ਕਾਰਨ ਨਗਰ ਕੌਂਸਲ ਦੇ ਕਈ ਮੁਲਾਜ਼ਮ ਕੰਧਾਂ ਟੱਪ ਕੇ ਅੰਦਰ ਬਾਹਰ ਜਾਂਦੇ ਦੇਖੇ ਗਏ।
ਇਸ ਉਪਰੰਤ ਪੁਲਸ ਪ੍ਰਸ਼ਾਸ਼ਨ ਨੇ ਡੀ.ਐੱੱਸ.ਪੀ. ਮੌੜ ਕੁਲਦੀਪ ਸਿੰਘ ਬਰਾੜ ਅਤੇ ਐੱੱਸ.ਐੱੱਚ.ਓ. ਮੌੜ ਤਰੁਨਦੀਪ ਸਿੰਘ ਦੀ ਅਗਵਾਈ ’ਚ ਸਖ਼ਤੀ ਦਿਖਾਉਂਦੇ ਧਰਨਾਕਾਰੀਆਂ ਦੀਪਕ ਕੁਮਾਰ, ਰਾਕੇਸ਼ ਕੁਮਾਰ, ਸਤੀਸ਼ ਕੁਮਾਰ, ਚੇਤਨ ਕੁਮਾਰ, ਰਾਜੀਵ ਕੁਮਾਰ, ਸਰਬਜੀਤ ਸਿੰਘ ਸੰਦੋਹਾ, ਗੁਰਦੀਪ ਸਿੰਘ ਭੈਣੀ ਚੂਹੜ ਆਦਿ ਨੂੰ ਧਰਨੇ ਤੋਂ ਚੁੱਕ ਕੇ ਥਾਣਾ ਮੌੜ ਵਿਖੇ ਲਿਆਦਾ ਅਤੇ ਨਗਰ ਕੌਂਸਲ ਮੌੜ ਦਾ ਜਿੰਦਰਾ ਖੁੱਲ੍ਹਵਾਇਆ।
ਜਦ ਮੰਡੀ ਵਾਸੀਆਂ ਨੂੰ ਪਤਾ ਲੱਗਾ ਕਿ ਪੁਲਸ ਪ੍ਰਸ਼ਾਸ਼ਨ ਵੱਲੋਂ ਗ੍ਰਿਫਤਾਰ ਕੀਤੇ ਧਰਨਾਕਾਰੀਆਂ ਖਿਲਾਫ਼ ਬੰਦੀ ਬਣਾਏ ਗਏ ਮੁਲਾਜ਼ਮਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਮੰਡੀ ਵਾਸੀ ਸ਼ੁਸ਼ੀਲ ਕੁਮਾਰ ਸ਼ੀਲੀ, ਕੰਤੇਸ਼ ਸਿੰਗਲਾ, ਤਰਸੇਮ ਕੁਮਾਰ ਸੇਮੀ ਸਾਬਕਾ ਕੌਂਸਲਰ, ਸੰਦੀਪ ਕੁਮਾਰ ਗੱਬਰ ਸਾਬਕਾ ਕੌਂਸਲਰ ਦੀ ਅਗਵਾਈ ’ਚ ਥਾਣਾ ਮੌੜ ਵਿਖੇ ਪੁੱਜ ਗਏ ਤੇ ਪੁਲਸ ਪ੍ਰਸ਼ਾਸ਼ਨ ਨਾਲ ਗੱਲਬਾਤ ਕੀਤੀ।
ਪੁਲਸ ਪ੍ਰਸ਼ਾਸ਼ਨ ਅਤੇ ਮੋਹਤਬਰ ਵਿਅਕਤੀਆਂ ਨੇ ਸੂਝ ਬੂਝ ਦਿਖਾਉਂਦੇ ਧਰਨਾਕਾਰੀਆਂ ਅਤੇ ਬੰਦੀ ਬਣਾਏ ਮੁਲਾਜ਼ਮਾਂ ’ਚ ਰਾਜੀਨਾਮਾ ਕਰਵਾ ਦਿੱਤਾ। ਇਸ ਉਪਰੰਤ ਧਰਨਕਾਰੀਆਂ ਨੂੰ ਛੱਡ ਦਿੱਤਾ ਗਿਆ ਪਰ ਲਿਖਤੀ ਰੂਪ ’ਚ ਲਿਆ ਗਿਆ ਕਿ ਅੱਗੇ ਤੋਂ ਉਹ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਨਹੀ ਕਰਨਗੇ।
Read More : ਪੋਸਤ ਦੀ ਸਮੱਗਲਿੰਗ ਕਰਨ ਵਾਲੇ ਨੂੰ 10 ਸਾਲ ਦੀ ਕੈਦ