ਸਿਮਰਨਜੀਤ ਕੌਰ ਦੇ ਇਲਾਜ ਕਰਵਾਉਣ ਲਈ ਡੀਸੀ ਨੂੰ ਸੌਂਪਿਆ ਮੰਗ ਪੱਤਰ
ਪਟਿਆਲਾ, 30 ਸਤੰਬਰ : ਸ਼੍ਰੋਮਣੀ ਅਕਾਲੀ ਦਲ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ਵਿਚ ਖੜ੍ਹ ਗਿਆ ਹੈ। ਅਕਾਲੀ ਦਲ ਵਲੋਂ ਮੰਗਲਵਾਰ ਨੂੰ ਵਿਧਾਇਕ ਦੀ ਪਤਨੀ ਦੇ ਸਮੇਂ ਸਿਰ ਇਲਾਜ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਤੇ ਨਿੱਜੀ ਹਸਪਤਾਲ ਵਿਚ ਦਾਖਲ ਵਿਧਾਇਕ ਦੀ ਪਤਨੀ ਦਾ ਹਾਲ ਵੀ ਜਾਣਿਆ।
ਇਸ ਦੌਰਾਨ ਹਸਪਤਾਲ ਵਿਚ ਅਕਾਲੀ ਆਗੂਆਂ ਦੀ ਪੁਲਿਸ ਨਾਲ ਬਹਿਸਬਾਜ਼ੀ ਵੀ ਹੋਈ ਹੈ। ਦੱਸਣਾ ਬਣਦਾ ਹੈ ਕਿ ਪੁਲਿਸ ਵਲੋਂ ਘਰ ਵਿਚ ਨਜ਼ਰਬੰਦ ਵਿਧਾਇਕ ਦੀ ਪਤਨੀ ਸਿਮਰਨਜੀਤ ਕੌਰ ਵਲੋਂ ਇਲਾਜ ਸਬੰਧੀ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਜਾ ਚੁੱਕੀ ਹੈ।
ਜਾਣਕਾਰੀ ਅਨੁਸਾਰ, ਪੁਲਿਸ ਹਿਰਾਸਤ ਵਿਚੋਂ ਫਰਾਰ ਹਰਮੀਤ ਸਿੰਘ ਪਠਾਣਮਾਜਰਾ ਨੇ ਵੀਡੀਓ ਮੈਸੇਜ ਰਾਹੀਂ ਪੁਲਿਸ ਤੇ ਸਰਕਾਰ ’ਤੇ ਉਸਦੀ ਪਤਨੀ ਦਾ ਇਲਾਜ ਕਰਵਾਉਣ ਦੀ ਬਜਾਏ ਘਰ ਵਿਚ ਨਜ਼ਰਬੰਦ ਕਰਨ ਦਾ ਦੋ਼ਸ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਨੇ ਪਠਾਣਮਾਜਰਾ ਦੇ ਹੱਕ ਵਿਚ ਖੜ੍ਹਦਿਆਂ ਉਸਦੀ ਪਤਨੀ ਦੇ ਸਹੀ ਤੇ ਸਮੇਂ ਸਿਰ ਇਲਾਜ ਲਈ ਅੱਜ ਡਿਪਟੀ ਕਮਿਸ਼ਨਰ ਦਫਤਰ ਤੱਕ ਪਹੁੰਚ ਕੀਤੀ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨਾ ਮਿਲਣ ’ਤੇ ਐਸਡੀਐਮ ਨਾਲ ਮੁਲਾਕਾਤ ਕਰ ਕੇ ਵਿਧਾਇਕ ਦੀ ਪਤਨੀ ਸਿਮਰਨਜੀਤ ਕੌਰ ਦੇ ਇਲਾਜ ਲਈ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ, ਦਿਹਾਤੀ ਪ੍ਰਧਾਨ ਜਗਦੀਪ ਹਰਿਆਊ ਤੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਅਤੇ ਹੋਰ ਆਗੂਆਂ ਨੇ ਕਿਹਾ ਕਿ ਭਾਵੇਂ ਹਰਮੀਤ ਸਿੰਘ ਪਠਾਣਮਾਜਰਾ ਦੇ ਵਿਰੋਧੀ ਧਿਰ ਦੇ ਵਿਧਾਇਕ ਹਨ, ਪ੍ਰੰਤੂ ਅਕਾਲੀ ਦਲ ਇਨਸਾਨੀਅਤ ਦਾ ਫ਼ਰਜ਼ ਨਿਭਾਉਂਦਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਪਹਿਰੇਦਾਰ ਬਣ ਕੇ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਣ ਪੁੱਜਿਆ ਹੈ।
Read More : ਕਾਂਗਰਸ ਵਿਚ ਆਪਣਾ ਸਿਆਸੀ ਭਵਿੱਖ ਤਲਾਸ਼ਣ ਜਾ ਰਹੇ ਅਨਿਲ ਜੋਸ਼ੀ