ਐੱਸ. ਜੀ. ਪੀ. ਸੀ.

ਐੱਸ.ਜੀ.ਪੀ.ਸੀ. ਦਾ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸ

ਸਰਾਵਾਂ ਲਈ 33 ਕਰੋੜ ਰੁਪਏ ਦੇ ਨਾਲ-ਨਾਲ ਪੰਥਕ, ਲੋਕ ਭਲਾਈ ਕਾਰਜਾਂ, ਮੁਫ਼ਤ ਸਿੱਖਿਆ ਅਤੇ ਧਰਮ ਪ੍ਰਚਾਰ ਲਈ ਵੀ ਰੱਖਿਆ ਵਿਸ਼ੇਸ਼ ਫੰਡ

ਅੰਮ੍ਰਿਤਸਰ, 28 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2026-27 ਲਈ 1487 ਕਰੋੜ 41 ਲੱਖ ਰੁਪਏ ਦਾ ਬਜਟ ਹਾਜ਼ਰ ਮੈਂਬਰਾਂ ਵੱਲੋਂ ਜੈਕਾਰਿਆਂ ਦੀ ਗੂੰਜ ’ਚ ਪਾਸ ਕੀਤਾ ਗਿਆ। ਇਹ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਆਯੋਜਿਤ ਹੋਇਆ, ਜਦਕਿ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਬਜਟ ਪੇਸ਼ ਕੀਤਾ। ਇਸ ਦੌਰਾਨ ਵੱਖ-ਵੱਖ ਤਖ਼ਤਾਂ ਦੇ ਜਥੇਦਾਰ ਅਤੇ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਵੀ ਹਾਜ਼ਰ ਸਨ।

ਇਸ ਸਾਲ ਦੇ ਬਜਟ ’ਚ ਪਿਛਲੇ ਸਾਲ ਦੀ ਤੁਲਨਾ ਵਿਚ 7.28 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬਜਟ ’ਚ ਸੰਗਤ ਦੀਆਂ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਨਵੀਆਂ ਸਰਾਵਾਂ ਦੇ ਨਿਰਮਾਣ ਲਈ 33 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਸਿਹਤ, ਸਿੱਖਿਆ ਸੇਵਾਵਾਂ ਵਿਚ ਵਿਸਥਾਰ ਅਤੇ ਧਰਮ ਪ੍ਰਚਾਰ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਜਾਵੇਗਾ।

ਧਰਮ ਪ੍ਰਚਾਰ ਕਮੇਟੀ ਲਈ 120 ਕਰੋੜ ਰੁਪਏ ਅਤੇ ਗੁਰਦੁਆਰਿਆਂ ਲਈ 1127 ਕਰੋੜ 34 ਲੱਖ ਰੁਪਏ ਦੀ ਿਵਵਸਥਾ ਕੀਤੀ ਗਈ ਹੈ। ਪੰਥਕ ਭਲਾਈ ਕਾਰਜਾਂ ਲਈ 7 ਕਰੋੜ 61 ਲੱਖ ਰੁਪਏ ਰੱਖੇ ਗਏ ਹਨ, ਜਿਨ੍ਹਾਂ ’ਚ ਨਿਹੰਗ ਸਿੰਘ ਜਥੇਬੰਦੀਆਂ ਦੀ ਸਹਾਇਤਾ, ਜੇਲਾਂ ’ਚ ਬੰਦ ਸਿੱਖਾਂ ਦੇ ਕੇਸਾਂ ਦੀ ਪੈਰਵੀ, ਉਨ੍ਹਾਂ ਦੇ ਪਰਿਵਾਰਾਂ ਨੂੰ ਪੈਨਸ਼ਨ, ਸ਼ਹੀਦ ਅਤੇ ਜ਼ਖਮੀ ਸਿੱਖਾਂ ਦੇ ਪਰਿਵਾਰਾਂ ਨੂੰ ਸਹਾਇਤਾ ਆਦਿ ਸ਼ਾਮਲ ਹੈ।

ਸਿੱਖ ਬੱਚਿਆਂ ਦੀ ਮੁਫ਼ਤ ਸਿੱਖਿਆ ਲਈ 12 ਕਰੋੜ 50 ਲੱਖ ਰੁਪਏ ਨਿਰਧਾਰਿਤ ਕੀਤੇ ਗਏ ਹਨ। ਇਸ ’ਚ ਅੰਮ੍ਰਿਤਧਾਰੀ ਵਿਦਿਆਰਥੀਆਂ ਦੀ ਫੀਸ, ਗਰੀਬ ਵਿਦਿਆਰਥੀਆਂ ਦੀ ਸਹਾਇਤਾ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ੇਸ਼ ਪ੍ਰਬੰਧ ਸ਼ਾਮਲ ਹਨ। ਇਸ ਤੋਂ ਇਲਾਵਾ ਸਿੱਖੀ ਪ੍ਰਚਾਰ ਲਈ 13 ਕਰੋੜ 25 ਲੱਖ, ਸ਼ਤਾਬਦੀ ਸਮਾਗਮਾਂ ਲਈ 7 ਕਰੋੜ, ਖੇਡਾਂ ਲਈ 3 ਕਰੋੜ 11 ਲੱਖ ਅਤੇ ਕੁਦਰਤੀ ਆਫ਼ਤਾਂ ਲਈ 1 ਕਰੋੜ 60 ਲੱਖ ਰੁਪਏ ਰੱਖੇ ਗਏ ਹਨ।

ਵਿੱਦਿਅਕ ਅਦਾਰਿਆਂ ਲਈ 66 ਕਰੋੜ 77 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ’ਚ ਵਿੱਤੀ ਸਹਾਇਤਾ, ਢਾਂਚੇ ਦਾ ਨਵੀਨੀਕਰਨ ਅਤੇ ਵੱਖ-ਵੱਖ ਸੰਸਥਾਵਾਂ ਨੂੰ ਸਹਿਯੋਗ ਸ਼ਾਮਲ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਮੇਟੀ ਦੀ ਆਮਦਨ ਦਾ ਮੁੱਖ ਸ੍ਰੋਤ ਸੰਗਤਾਂ ਵੱਲੋਂ ਦਿੱਤੀ ਗਈ ਭੇਟਾ ਅਤੇ ਦਸਵੰਧ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਕਾਰਜ ਜਾਰੀ ਰੱਖੇ ਜਾਣਗੇ ਅਤੇ ਸਹੂਲਤਾਂ ਨੂੰ ਪਹਿਲ ਦਿੱਤੀ ਜਾਵੇਗੀ।

Read More : ਨੈਂਸੀ ਗਰੇਵਾਲ ਮਰਡਰ ਕੇਸ ’ਚ ਖ਼ਾਲਿਸਤਾਨੀ ਕੁਨੈਕਸ਼ਨ ਦੀ ਜਾਂਚ ਸ਼ੁਰੂ

Leave a Reply

Your email address will not be published. Required fields are marked *