140 ਲੱਖ ਮੀਟ੍ਰਿਕ ਟਨ ਪੈਦਾਵਾਰ ਦੀ ਸੰਭਾਵਨਾ, ਕੌਮੀ ਖ਼ੁਰਾਕ ਸੁਰੱਖਿਆ ਲਈ ਸਪਲਾਈ ਜ਼ਰੂਰੀ
ਚੰਡੀਗੜ੍ਹ, 28 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਸਰਕਾਰ ਤੋਂ ਪੈਟਰੋਲ, ਡੀਜ਼ਲ ਅਤੇ ਡੀ.ਏ.ਪੀ. ਖਾਦ ਦੀ ਵਧੀ ਹੋਈ ਅਤੇ ਨਿਰਵਿਘਨ ਸਪਲਾਈ ਤੁਰੰਤ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 140 ਲੱਖ ਮੀਟ੍ਰਿਕ ਟਨ ਕਣਕ ਦੀ ਵਾਢੀ ਲਈ ਤਿਆਰ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਤੇਲ ਦੀ ਉਪਲਬਧਤਾ ’ਚ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਕੌਮੀ ਖ਼ੁਰਾਕ ਸੁਰੱਖਿਆ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰ ਸਕਦਾ ਹੈ।
ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਾਢੀ ਦੇ ਕੰਮ ਅਤੇ ਅਨਾਜ ਦੀ ਢੋਆ-ਢੁਆਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੇਂਦਰ ਵੱਲੋਂ ਸਮੇਂ ਸਿਰ ਕਾਰਵਾਈ ਜ਼ਰੂਰੀ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਾਲ ਇਕ ਵਰਚੁਅਲ ਮੀਟਿੰਗ ਦੌਰਾਨ ਇਨ੍ਹਾਂ ਮੁੱਦਿਆਂ ’ਤੇ ਚਰਚਾ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਫ਼ਸਲ ਦੀ ਸੁਚਾਰੂ ਕਟਾਈ ਲਈ ਪੈਟਰੋਲ ਅਤੇ ਡੀਜ਼ਲ ਦੀ ਨਿਯਮਤ ਸਪਲਾਈ ਦੀ ਲੋੜ ਹੈ ਕਿਉਂਕਿ ਵਾਢੀ ਦੌਰਾਨ ਵੱਡੀ ਗਿਣਤੀ ’ਚ ਟਰੈਕਟਰ, ਹਾਰਵੈਸਟਰ ਅਤੇ ਟਰੱਕ ਵਰਤੇ ਜਾਣਗੇ। ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਇਸ ਵੇਲੇ ਸੂਬੇ ਵਿੱਚ 12 ਤੋਂ 14 ਦਿਨਾਂ ਦਾ ਪੈਟਰੋਲ-ਡੀਜ਼ਲ ਅਤੇ 6 ਦਿਨਾਂ ਦਾ ਐਲ.ਪੀ.ਜੀ. ਸਟਾਕ ਮੌਜੂਦ ਹੈ, ਜੋ ਆਮ ਤੌਰ ’ਤੇ ਸਾਲ ਭਰ ਇੱਕੋ ਜਿਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ’ਤੇ 60 ਦਿਨਾਂ ਦਾ ਤੇਲ ਸਟਾਕ ਪਹਿਲਾਂ ਹੀ ਸੁਰੱਖਿਅਤ ਕੀਤਾ ਜਾ ਚੁੱਕਾ ਹੈ।
Read More : ਡੀ.ਐੱਮ. ਰੰਧਾਵਾ ਦੇ ਘਰ ਦੀ ਬਿਜਲੀ ਕੱਟੀ, ਸੀ.ਸੀ.ਟੀ.ਵੀ. ਕੈਮਰੇ ’ਚ ਦਿਸੇ ਸ਼ੱਕੀ ਵਿਅਕਤੀ
