ਚੰਡੀਗੜ੍ਹ, 4 ਜਨਵਰੀ :‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ’ਤੇ ਇਨਸਾਫ਼, ਸੱਚ ਤੇ ਗੁਰੂ ਸਾਹਿਬ ਦੇ ਨਾਲ ਖੜ੍ਹਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਵਜੋਂ ਕੰਮ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਧਾਮੀ ਸਾਹਿਬ ਅਕਸਰ ਕਹਿੰਦੇ ਹਨ ਕਿ ਉਨ੍ਹਾਂ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਹੋਣ ਦੇ ਦੋਸ਼ ਲੱਗਦੇ ਹਨ। ਕੱਲ ਚੰਡੀਗੜ੍ਹ ’ਚ ਉਨ੍ਹਾਂ ਨੇ ਖੁਦ ਇਹ ਮੰਨ ਲਿਆ ਕਿ ਉਨ੍ਹਾਂ ਨੂੰ ਅਕਾਲੀ ਦਲ ਦਾ ਸਿਪਾਹੀ ਹੋਣ ’ਤੇ ਮਾਣ ਹੈ। ਚੰਗਾ ਹੁੰਦਾ ਜੇ ਉਹ ਗੁਰੂ ਸਾਹਿਬ ਦੇ ਸਿਪਾਹੀ ਹੁੰਦੇ। ਧਾਮੀ ਦੇ ਇਸ ਦਾਅਵੇ ਕਿ ਸ਼੍ਰੋਮਣੀ ਕਮੇਟੀ ਐੱਫ. ਆਈ. ਆਰ. ਨੂੰ ਸਵੀਕਾਰ ਨਹੀਂ ਕਰਦੀ ਅਤੇ ਉਸ ਨੂੰ ਪੁਲਸ ਦੀ ਲੋੜ ਨਹੀਂ ਹੈ ’ਤੇ ਪੰਨੂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ।
ਪੰਨੂ ਨੇ ਸਵਾਲ ਕੀਤਾ ਕਿ ਸ਼੍ਰੋਮਣੀ ਕਮੇਟੀ ਖੁਦ ਇਕ ਐਕਟ ਦੇ ਤਹਿਤ ਬਣੀ ਹੈ, ਜੋ ਕਿ ਇਕ ਕਾਨੂੰਨ ਹੈ। ਜਦ ਵੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ’ਚ ਆਪਣਾ ਜਨਰਲ ਹਾਊਸ ਬੁਲਾਉਂਦੀ ਹੈ ਤਾਂ ਉਹ ਡਿਪਟੀ ਕਮਿਸ਼ਨਰ ਤੋਂ ਇਜਾਜ਼ਤ ਲੈਂਦੀ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਐੱਫ. ਆਈ. ਆਰ. ਜਾਂ ਪੁਲਸ ’ਚ ਵਿਸ਼ਵਾਸ ਨਹੀਂ ਕਰਦੇ?
ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਲਈ ਜਵਾਬ ਦੇ ਕੇ ਬਾਦਲਾਂ ਨੂੰ ਬਚਾਉਣਾ ਬੰਦ ਕਰੇ।
Read More : ਕੜਾਕੇ ਦੀ ਠੰਢ ਨਾਲ ਨਦੀਆਂ ਅਤੇ ਨਾਲੇ ਜੰਮੇ
