Pathankot

ਫ਼ੌਜ ਦੀ ਵਰਦੀ ’ਚ 3 ਸ਼ੱਕੀ ਦਿਸਣ ਨਾਲ ਫੈਲੀ ਸਨਸਨੀ; ਸੁਰੱਖਿਆ ਏਜੰਸੀਆਂ ਅਲਰਟ

ਸਰਹੱਦੀ ਖੇਤਰਾਂ ’ਚ ਚੌਕਸੀ ਵਧੀ; ਨਾਕਿਆਂ ’ਤੇ ਪੁਲਸ ਵੱਲੋਂ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ

ਪਠਾਨਕੋਟ, 3 ਮਾਰਚ : ਪਠਾਨਕੋਟ ਦੇ ਸਰਹੱਦੀ ਖੇਤਰ ਬਮਿਆਲ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਕਠੂਆ ਖੇਤਰ ’ਚ ਫ਼ੌਜ ਦੀ ਵਰਦੀ ’ਚ 3 ਸ਼ੱਕੀਆਂ ਨੂੰ ਦੇਖੇ ਜਾਣ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹੋ ਗਈਆਂ ਹਨ।
ਜਾਣਕਾਰੀ ਅਨੁਸਾਰ ਇਹ ਸ਼ੱਕੀ ਪਿੰਡ ਐਰਮਾਂ ’ਚ ਦੇਖੇ ਗਏ ਸਨ, ਜਿਸ ਤੋਂ ਬਾਅਦ ਜ਼ਿਲਾ ਪੁਲਸ ਨੇ ਸਰਹੱਦੀ ਇਲਾਕਿਆਂ ’ਚ ਨਾਕਾਬੰਦੀ ਸਖ਼ਤ ਕਰ ਦਿੱਤੀ ਹੈ। ਇਸੇ ਦੌਰਾਨ ਬਮਿਆਲ ਕਸਬੇ ’ਚ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜੋ ਗੁਜਰਾਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁੱਛਗਿੱਛ ਅਤੇ ਜਾਂਚ ਦੌਰਾਨ ਉਕਤ ਵਿਅਕਤੀ ਮਾਨਸਿਕ ਤੌਰ ’ਤੇ ਬੀਮਾਰ ਪਾਇਆ ਗਿਆ ਹੈ।

ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਡੀ.ਆਈ.ਜੀ. ਬਾਰਡਰ ਰੇਂਜ ਅੱਜ ਡਵੀਜ਼ਨ ਨੰ. 1 ’ਚ ਪਹੁੰਚੇ ਅਤੇ ਉਨ੍ਹਾਂ ਨੇ ਪੁਲਸ ਟੀਮਾਂ ਨੂੰ ਚੌਕਸੀ ਵਧਾਉਣ ਦੇ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਾਕਿਆਂ ’ਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ।

ਹਾਲਾਂਕਿ ਪ੍ਰਸ਼ਾਸਨ ਵੱਲੋਂ ਸ਼ੱਕੀਆਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਪਰ ਪੁਲਸ ਵੱਲੋਂ ਜੰਗਲੀ ਇਲਾਕਿਆਂ ਅਤੇ ਸਰਹੱਦੀ ਪਿੰਡਾਂ ’ਚ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

Read More : ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਜਾਣਗੇ ਰਾਜ ਸਭਾ; 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Leave a Reply

Your email address will not be published. Required fields are marked *