ਬਾਂਹ ’ਤੇ ਬਣਿਆ ‘ਕਾਕੂ’ ਨਾਂ ਦਾ ਟੈਟੂ ਪਛਾਣ ਲਈ ਅਹਿਮ ਸੁਰਾਗ; ਪੁਲਸ ਵੱਲੋਂ ਸੀ.ਸੀ.ਟੀ.ਵੀ. ਦੀ ਜਾਂਚ
ਬਠਿੰਡਾ, 11 ਫਰਵਰੀ : ਜ਼ਿਲਾ ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਨੇੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਲੜਕੀ ਦੀ ਲਾਸ਼ ਲਾਲ ਰੰਗ ਦੇ ਸੂਟਕੇਸ ’ਚੋਂ ਬਰਾਮਦ ਹੋਈ। ਪਤਾ ਲੱਗਾ ਹੈ ਕਿ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਬਾਅਦ ’ਚ ਸੜੀ ਹੋਈ ਲਾਸ਼ ਨੂੰ ਸੂਟਕੇਸ ’ਚ ਬੰਦ ਕਰ ਕੇ ਪਿੰਡ ਦੇ ਨੇੜੇ ਇਕ ਖਾਲੀ ਜਗ੍ਹਾ ’ਚ ਸੁੱਟ ਦਿੱਤਾ ਗਿਆ। ਸੂਟਕੇਸ ਨੂੰ ਆਵਾਰਾ ਕੁੱਤਿਆਂ ਵੱਲੋਂ ਘਸੀਟਣ ’ਤੇ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ, ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ’ਤੇ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਸੂਟਕੇਸ ਖੋਲ੍ਹਣ ’ਤੇ ਲਗਭਗ 20 ਸਾਲ ਦੀ ਇਕ ਲੜਕੀ ਦੀ ਲਾਸ਼ ਮਿਲੀ। ਮ੍ਰਿਤਕ ਦੀ ਬਾਂਹ ’ਤੇ ‘ਕਾਕੂ’ ਨਾਂ ਦਾ ਟੈਟੂ ਬਣਿਆ ਹੋਇਆ ਹੈ, ਜੋ ਉਸ ਦੀ ਪਛਾਣ ਲਈ ਇਕ ਮਹੱਤਵਪੂਰਨ ਸੁਰਾਗ ਮੰਨਿਆ ਜਾ ਰਿਹਾ ਹੈ, ਹਾਲਾਂਕਿ ਉਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਘਟਨਾ ਸਥਾਨ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੋਰੈਂਸਿਕ ਟੀਮ ਨੇ ਮੌਕੇ ’ਤੋਂ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੀ ਟੀਮ ਨੇ ਵੀ ਲਾਸ਼ ਨੂੰ ਹਸਪਤਾਲ ਪਹੁੰਚਾਉਣ ’ਚ ਮਦਦ ਕੀਤੀ।
ਪੁਲਸ ਅਧਿਕਾਰੀਆਂ ਅਨੁਸਾਰ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਵੱਖ-ਵੱਖ ਥਾਣਿਆਂ ’ਚ ਦਰਜ ਗੁੰਮਸ਼ੁਦਾ ਰਿਪੋਰਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
Read More : ਪਟਿਆਲਾ ’ਚ ਕਾਂਗਰਸ ਪਾਰਟੀ ਦਾ ਵਿਸ਼ਾਲ ਪੈਦਲ ਰੋਸ ਮਾਰਚ
