ਗਲਤ ਦਿਸ਼ਾ ਤੋਂ ਆ ਰਹੀ ਗੱਡੀ ਨੇ 2 ਮੋਟਰਸਾਈਕਲਾਂ ਨੂੰ ਮਾਰੀ ਟੱਕਰ; ਗੱਡੀ ’ਚੋਂ ਸ਼ਰਾਬ ਬਰਾਮਦ, ਮੁਲਜ਼ਮ ਫ਼ਰਾਰ
ਬਰਨਾਲਾ, 28 ਫਰਵਰੀ : ਬਰਨਾਲਾ ਦੇ ਕਚਹਿਰੀ ਚੌਕ ਸਥਿਤ ਫਲਾਈਓਵਰ ’ਤੇ ਬੀਤੀ ਰਾਤ ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਦੋ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਨੌਜਵਾਨ ਵਾਲ-ਵਾਲ ਬਚ ਗਏ।
ਜਾਣਕਾਰੀ ਅਨੁਸਾਰ, ਸਕਾਰਪੀਓ ਗੱਡੀ ਨਿਯਮਾਂ ਨੂੰ ਛਿੱਕੇ ਟੰਗ ਕੇ ਗਲਤ ਦਿਸ਼ਾ ਤੋਂ ਫਲਾਈਓਵਰ ’ਤੇ ਚੜ੍ਹ ਗਈ ਸੀ। ਚਸ਼ਮਦੀਦਾਂ ਮੁਤਾਬਕ ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਸਭ ਤੋਂ ਪਹਿਲਾਂ ਇਸ ਬੇਕਾਬੂ ਗੱਡੀ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ’ਤੇ 3 ਨੌਜਵਾਨ ਸਵਾਰ ਸਨ। ਹਾਦਸੇ ਤੋਂ ਬਾਅਦ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਅੱਗੇ ਜਾ ਕੇ ਇੱਕ ਹੋਰ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਦੂਜੀ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਅਮਨਪ੍ਰੀਤ ਸਿੰਘ (19 ਸਾਲ) ਅਤੇ ਸੰਦੀਪ ਸਿੰਘ (24 ਸਾਲ) ਦੀ ਮੌਕੇ ’ਤੇ ਹੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਜਦੋਂ ਪੁਲਿਸ ਅਤੇ ਰਾਹਗੀਰਾਂ ਨੇ ਗੱਡੀ ਦੀ ਤਲਾਸ਼ੀ ਲਈ, ਤਾਂ ਸਕਾਰਪੀਓ ਦੇ ਅੰਦਰੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਚਾਲਕ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਇਹ ਮਾਰੂ ਹਾਦਸਾ ਵਾਪਰਿਆ।
ਡੀ.ਐੱਸ.ਪੀ. ਬਰਨਾਲਾ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਜਦੀਪ ਸਿੰਘ ਵਾਸੀ ਰੋੜੇ ਕੇ ਖੁਰਦ ਵਜੋਂ ਹੋਈ ਹੈ। ਪੁਲਿਸ ਨੇ ਗੱਡੀ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਪਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਉਸ ਦੇ ਸੰਭਾਵੀ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀਆਂ ਹਨ।
Read More : ਰਾਹੁਲ ਗਾਂਧੀ ਦਾ ਸਖ਼ਤ ਲਹਿਜਾ ; ‘ਟੀਮ ਪਲੇਅਰ ਬਣੋ, ਨਹੀਂ ਤਾਂ ਰਿਜ਼ਰਵ ਬੈਂਚ ’ਚ ਬਿਠਾ ਦਿਆਂਗੇ’
