ਕਿਹਾ-ਉਹ ਗੁਰੂਘਰ ਦੀ ਮਿਲੀ ਜ਼ਿੰਮੇਵਾਰੀ ਨੂੰ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ
ਸੰਗਰੂਰ, 30 ਸਤੰਬਰ : ਆਲ ਇੰਡੀਆ ਕਸੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਸੰਗਰੂਰ ਨੂੰ ਗੁਰਦੁਆਰਾ ਬਾਬਾ ਨਾਮਦੇਵ ਤਪਿਆਣਾ ਸਾਹਿਬ ਸੇਵਕ ਕਮੇਟੀ ਟਰੱਸਟ ਘੁਮਾਣ, ਪੰਡੋਰੀ, ਨੰਗਲ (ਗੁਰਦਾਸਪੁਰ) ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਇਸ ਤੋਂ ਪਹਿਲਾਂ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਕਮੇਟੀ ਦੇ ਵੱਡੀ ਗਿਣਤੀ ਵਿੱਚ ਮੈਂਬਰਾਂ ਵੱਲੋਂ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਅਤੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਿੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਅਤੇ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੇ 2 ਨਵੰਬਰ ਨੂੰ ਮਨਾਏ ਜਾਣ ਵਾਲੇ ਜਨਮ ਦਿਹਾੜੇ ਨੂੰ ਲੈ ਕੇ ਸੂਬਾ ਪੱਧਰ ਤੇ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ, ਉਥੇ ਮੀਟਿੰਗ ਦੌਰਾਨ ਪਿਛਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਸੰਵਿਧਾਨ ਅਨੁਸਾਰ ਮਾਲਵਾ ਬੈਲਟ ਵਿੱਚੋਂ ਆਲ ਇੰਡੀਆ ਕਸੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ ਨੂੰ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਨਵੀਂ ਕਮੇਟੀ ਦੇ ਚੁਣੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਵੱਲੋਂ ਸੰਵਿਧਾਨ ਅਨੁਸਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਅੰਮ੍ਰਿਤਧਾਰੀ ਪੰਦਰਾਂ ਮੈਂਬਰਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਹਰਚੰਦ ਸਿੰਘ ਜੱਸਲ ਚੂਹੜਚੱਕ ਮੋਗਾ ਨੂੰ ਮੁੱਖ ਸਰਪ੍ਰਸਤ ਅਤੇ ਸਾਬਕਾ ਮੀਤ ਪ੍ਰਧਾਨ ਕਸ਼ਮੀਰ ਸਿੰਘ ਨੂੰ ਸਰਪ੍ਰਸਤ ਬਣਾਇਆ ਗਿਆ। ਇਸੇ ਤਰ੍ਹਾਂ ਲਖਬੀਰ ਸਿੰਘ ਕਲਸੀ ਨੂੰ ਮੀਤ ਪ੍ਰਧਾਨ, ਗੁਰਦੇਵ ਸਿੰਘ ਨੂੰ ਸਕੱਤਰ, ਅਜਮੇਰ ਸਿੰਘ ਨੂੰ ਖਜਾਨਚੀ, ਹਰਪਾਲ ਸਿੰਘ ਨੂੰ ਸਹਾਇਕ ਸਕੱਤਰ, ਗੁਰਸ਼ਰਨ ਸਿੰਘ ਨੂੰ ਸਹਾਇਕ ਖਜਾਨਚੀ ਬਣਾਇਆ ਗਿਆ।
ਇਸੇ ਤਰ੍ਹਾਂ ਡਾਕਟਰ ਗੁਰਵੀਰ ਸਿੰਘ ਸੋਹੀ, ਹਰਿੰਦਰ ਸਿੰਘ ਵਾਸੀ ਨੰਗਲ, ਪ੍ਰਿੰਸੀਪਲ ਦਿਲਬਾਗ ਸਿੰਘ ਵਾਸੀ ਪੰਡੋਰੀ, ਹਰਦੀਪ ਸਿੰਘ ਪੰਡੋਰੀ, ਰੇਸ਼ਮ ਸਿੰਘ ਨੰਗਲ, ਦਿਲਬਾਗ ਸਿੰਘ ਨੰਗਲ, ਅਵਤਾਰ ਸਿੰਘ ਜੱਸਲ ਚੂਹੜਚੱਕ ਮੋਗਾ, ਤਰਸੇਮ ਸਿੰਘ ਜੱਸਲ ਚੂਹੜਚੱਕ, ਜਸਪਾਲ ਸਿੰਘ ਬੇਦੀ, ਕਰਮ ਸਿੰਘ ਨਮੋਲ, ਬਲਵਿੰਦਰ ਸਿੰਘ ਭੱਟੀ ਹੁਰਾਂ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ।
ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਕਿਹਾ ਕਿ ਉਹਨਾਂ ਅਤੇ ਸਮੁੱਚੀ ਟੀਮ ਨੂੰ ਜੋ ਗੁਰੂ ਘਰ ਦੀ ਸੇਵਾ ਲਈ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਗੁਰੂ ਘਰ ਦੀ ਤਰੱਕੀ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਅਤੇ ਹੋਰ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਨਵੀਂ ਚੁਣੀ ਗਈ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਡਾਕਟਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੂੰ ਗੁਰਦੁਆਰਾ ਤਪਿਆਣਾ ਸਾਹਿਬ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਾਏ ਜਾਣ ਤੇ ਜਿੱਥੇ ਵਧਾਈ ਦਿੱਤੀ ਗਈ, ਉੱਥੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
Read More : ਪੁਲਸ ਨੇ ਖਾਲਿਸਤਾਨੀਆਂ ਦਾ ਕੀਤਾ ਐਨਕਾਊਂਟਰ