ਵੀਆਈਪੀ ਨੰਬਰ ਵਾਲੀ ਸਕਾਰਪੀਓ ‘ਚੋਂ ਹੋਈ ਬਰਾਮਦਗੀ; ਮੁਲਜ਼ਮਾਂ ਦੀਆਂ ਸਿਆਸੀ ਆਗੂਆਂ ਨਾਲ ਤਸਵੀਰਾਂ ਵਾਇਰਲ
ਮਹਿਤਾ, 19 ਮਾਰਚ : ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਸਰਪੰਚ ਨੂੰ ਉਸ ਦੇ ਦੋ ਸਾਥੀਆਂ ਸਮੇਤ 4 ਕਿਲੋ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਹੈ।
ਮਹਿਤਾ ਥਾਣੇ ਦੇ ਏਐਸਆਈ ਪਲਵਿੰਦਰ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਨਾਕਾਬੰਦੀ ਦੌਰਾਨ ਬੁੱਟਰ ਕਲਾਂ ਤੋਂ ਕੱਥੂਨੰਗਲ ਜਾ ਰਹੀ ਇੱਕ ਵੀਆਈਪੀ ਨੰਬਰ (PB02-BD-9300) ਵਾਲੀ ਸਕਾਰਪੀਓ ਗੱਡੀ ਨੂੰ ਰੋਕਿਆ ਗਿਆ, ਜਿਸ ਵਿੱਚੋਂ ਇਹ ਬਰਾਮਦਗੀ ਹੋਈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੋਟ ਹਿਰਦੇਰਾਮ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਤੇ ਸਿਮਰਪ੍ਰੀਤ ਸਿੰਘ ਅਤੇ ਪੱਟੀ ਸੁੰਹ ਦੀ ਵੇਰਕਾ ਦੇ ਰਹਿਣ ਵਾਲੇ ਬਲਵੰਤ ਸਿੰਘ ਵਜੋਂ ਹੋਈ ਹੈ। ਸਰਪੰਚ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਦੀਆਂ ਸੱਤਾਧਾਰੀ ‘ਆਪ’ ਦੇ ਰਾਸ਼ਟਰੀ ਤੇ ਸੂਬਾ ਪੱਧਰੀ ਆਗੂਆਂ ਅਤੇ ਹਲਕਾ ਇੰਚਾਰਜ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਸਰਪੰਚ ਹਾਲ ਹੀ ਵਿਚ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਲਕਾ ਇੰਚਾਰਜ ਦਾ ਕਰੀਬੀ ਹੈ, ਹਾਲਾਂਕਿ ਪਾਰਟੀ ਜਾਂ ਪੁਲਿਸ ਵੱਲੋਂ ਫਿਲਹਾਲ ਸਿਆਸੀ ਸਬੰਧਾਂ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਦੇ ਇਸ ਲਿੰਕ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਜਾ ਸਕੇ।
Read More : ਸਰਕਾਰ ਨੇ ਤੇਜ਼ਾਬ ਹਮਲਾ ਪੀੜਤਾਂ ਲਈ ਮਹੀਨਾਵਾਰ ਸਹਾਇਤਾ ਵਧਾ ਕੇ 10,000 ਰੁਪਏ ਕੀਤੀ : ਡਾ. ਬਲਜੀਤ ਕੌਰ
