Aman Arora

ਸੰਤ ਹਰਚੰਦ ਸਿੰਘ ਲੌਂਗੋਵਾਲ ਕੌਮ ਦੇ ਮਹਾਨ ਸ਼ਹੀਦ : ਅਮਨ ਅਰੋੜਾ

ਲੌਂਗੋਵਾਲ, 20 ਅਗਸਤ : ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀਂ ਬਰਸੀ ਮੌਕੇ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦੋ ਪ੍ਰਮੁੱਖ ਧਿਰਾਂ ਵੱਲੋਂ ਵੱਡੀਆਂ ਕਾਨਫਰੰਸਾਂ ਕੀਤੀਆਂ ਗਈਆਂ, ਉੱਥੇ ਜ਼ਿਲਾ ਪ੍ਰਸ਼ਾਸਨ ਵੱਲੋਂ ਇੰਡੀਅਨ ਰੈੱਡ ਕਰਾਸ ਸੋਸਾਇਟੀ ਵੱਲੋਂ ਸਥਾਨਕ ਅਨਾਜ ਮੰਡੀ ਵਿਖੇ ਖੂਨਦਾਨ ਕੈਂਪ ਲਾ ਕੇ ਸੰਤ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਿਰਕਤ ਕਰਦਿਆਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਮੌਜੂਦ ਸਨ।

ਅਰੋੜਾ ਨੇ ਆਖਿਆ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਨਿੱਜ ਤੋਂ ਉਪਰ ਉੱਠ ਕੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਏਕਤਾ ਲਈ ਕੰਮ ਕੀਤਾ। ਸੂਬੇ ਦੇ ਲੋਕ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਇਸੇ ਤਰ੍ਹਾਂ ਸਿਜਦਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਕੌਮ ਦੇ ਮਹਾਨ ਸ਼ਹੀਦ ਹਨ। ਉਨ੍ਹਾਂ ਨੇ ਪੰਜਾਬ ਦੀ ਏਕਤਾ ਅਤੇ ਅਮਨ ਸ਼ਾਂਤੀ ਲਈ ਆਪਣੀ ਜਾਨ ਤੱਕ ਦੀ ਪ੍ਰਵਾਹ ਨਹੀਂ ਕੀਤੀ।

ਉਨ੍ਹਾਂ ਨੇ ਪੰਜਾਬ ’ਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਨਿੱਜ ਤੋਂ ਉਪਰ ਉਠ ਕੇ ਕੰਮ ਕੀਤਾ। ਉਨ੍ਹਾਂ ਦਾ ਜੀਵਨ ਹਰੇਕ ਅਮਨ ਪਸੰਦ ਵਿਅਕਤੀ ਲਈ ਪ੍ਰੇਰਨਾਸ੍ਰੋਤ ਹੈ। ਉਹ ਕਿਸੇ ਇਕ ਪਾਰਟੀ ਜਾਂ ਧਿਰ ਦੇ ਆਗੂ ਨਹੀਂ ਸਨ ਸਗੋਂ ਸਮੁੱਚੀ ਲੋਕਾਈ ਦੇ ਮਾਰਗ ਦਰਸ਼ਕ ਸਨ।

ਉਨ੍ਹਾਂ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਅੱਜ ਵੀ ਕੁਝ ਰਾਜਨੀਤਕ ਪਾਰਟੀਆਂ, ਜੋ ਕਿ ਆਪਣੇ ਆਪ ਨੂੰ ਪੰਥਕ ਦੱਸਦੀਆਂ ਹਨ, ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਂ ’ਤੇ ਸੌੜੀ ਰਾਜਨੀਤੀ ਕਰ ਰਹੀਆਂ ਹਨ। ਸੰਤ ਲੌਂਗੋਵਾਲ ਨੇ ਆਪਣਾ ਖੂਨ ਡੋਲਿਆ ਤਾਂ ਕਿ ਪੰਜਾਬ ਘੁੱਗ ਵਸਦਾ ਰਹੇ ਪਰ ਵਿਰੋਧੀ ਪਾਰਟੀਆਂ ਸੂਬੇ ਦਾ ਮਾਹੌਲ ਖਰਾਬ ਕਰਨ ’ਤੇ ਲੱਗੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਪਿੰਡ ਲੌਂਗੋਵਾਲ 53 ਸ਼ਹੀਦਾਂ ਦੀ ਧਰਤੀ ਹੈ। ਪੰਜਾਬ ਸਰਕਾਰ ਵੱਲੋਂ ਇਸ ਧਰਤੀ ਦਾ ਹਮੇਸ਼ਾ ਹੀ ਸਤਿਕਾਰ ਕੀਤਾ ਜਾਂਦਾ ਰਹੇਗਾ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਮਹਾਨ ਸ਼ਹੀਦ ਹਰਚੰਦ ਸਿੰਘ ਲੌਂਗੋਵਾਲ ਨੂੰ ਯਾਦ ਕੀਤਾ ਅਤੇ ਇਸ ਕੈਂਪ ’ਚ ਸ਼ਿਰਕਤ ਕਰਨ ਲਈ ਕੈਬਨਿਟ ਮੰਤਰੀ ਅਰੋੜਾ ਅਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਖੁਦ ਵੀ ਖੂਨ ਦਾਨ ਕੀਤਾ।

ਇਸ ਮੌਕੇ ਐੱਸ.ਡੀ.ਐੱਮ. ਚਰਨਜੋਤ ਸਿੰਘ ਵਾਲੀਆ, ਡੀ. ਪੀ. ਆਰ. ਓ. ਪ੍ਰਭਦੀਪ ਸਿੰਘ ਨੱਥੋਵਾਲ, ਪ੍ਰਧਾਨ ਪਰਮਿੰਦਰ ਕੌਰ ਬਰਾੜ, ਬਲਵਿੰਦਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ’ਚ ਇਲਾਕੇ ਲੋਕ ਹਾਜ਼ਰ ਸਨ।

Read More : ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Leave a Reply

Your email address will not be published. Required fields are marked *