ਕਿਹਾ-ਪੰਜਾਬ ਵਿਚ ਨਿਵੇਸ਼ ਕਰਨ ਦੇ ਚਾਹਵਾਨ ਉੱਦਮੀਆਂ ਨੂੰ ਸਰਕਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ
ਚੰਡੀਗੜ੍ਹ, 27 ਸਤੰਬਰ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕਰਵਾਏ ਗਏ ਵਰਲਡ ਫੂਡ ਇੰਡੀਆ 2025 ਸਮਾਗਮ ਵਿਚ ਹਿੱਸਾ ਲਿਆ, ਜਿਸ ਵਿਚ “ਫਲੇਵਰਿੰਗ ਦ ਫਿਊਚਰ ਫਰਾਮ ਫਾਰਮ ਗੇਟ ਟੂ ਗਲੋਬਲ ਪਲੇਟ-ਐਗਰੋ-ਫੂਡ ਕਾਰੋਬਾਰ ਵਿੱਚ ਮੌਕਿਆਂ ਨੂੰ ਖੋਲ੍ਹਣਾ” ਦੇ ਵਿਸ਼ੇ ‘ਤੇ ਪੰਜਾਬ ਸਟੇਟ ਨਾਲੇਜ ਸੈਸ਼ਨ ਕਰਵਾਇਆ ਗਿਆ। ਇਹ ਸਮਾਗਮ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਵੱਲੋਂ ਕਰਵਾਇਆ ਗਿਆ ਸੀ।
ਵਰਲਡ ਫੂਡ ਇੰਡੀਆ 2025 ਸਮਾਗਮ ਵਿਖੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਦਾ ਖੇਤੀਬਾੜੀ ਖੇਤਰ ਬਹੁਤ ਮਜ਼ਬੂਤ ਹੈ ਅਤੇ ਪੰਜਾਬ ਦੇ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ ਉਪਲਬੱਧ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਨਿਵੇਸ਼ਕ ਪੱਖੀ ਨੀਤੀਆਂ ਘੜੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਆਪਣਾ ਉਦਯੋਗ ਸਥਾਪਤ ਕਰਨ ਲਈ ਸਬੰਧਤ ਸਾਰੀਆਂ ਪ੍ਰਵਾਨਗੀਆਂ 45 ਦਿਨਾਂ ਦੇ ਅੰਦਰ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ਖੇਤਰ ਵਾਸਤੇ ਨਵੀਂ ਉਦਯੋਗਿਕ ਨੀਤੀ ਬਣਾਉਣ ਲਈ ਗਠਿਤ ਸੁਤੰਤਰ ਕਮੇਟੀ ਬਾਰੇ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਉੱਦਮੀਆਂ ਨੂੰ ਸਰਕਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਪੰਜਾਬ ਕੋਲ ਐਗਰੋ-ਫੂਡ ਕਾਰੋਬਾਰ ਲਈ ਅਗਲਾ ਗਲੋਬਲ ਹੱਬ ਬਣਨ ਦੀ ਅਥਾਹ ਸਮਰੱਥਾ ਹੈ, ਜਿਸ ਨਾਲ ਸਾਡੇ ਉਤਪਾਦਾਂ ਨੂੰ ਖੇਤਾਂ ਤੋਂ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਲੈ ਜਾਇਆ ਜਾਵੇਗਾ।
ਇਸ ਮੌਕੇ ਮੰਤਰੀ ਨੇ ਯੂ.ਏ.ਈ. ਦੇ ਲੂਲੂ ਗਰੁੱਪ, ਰੂਸ ਦੇ ਜ਼ਿਆਕ ਗਰੁੱਪ, ਐਨ.ਸੀ.ਐਮ.ਐਲ., ਜਾਫਜ਼ਾ, ਐਲੋਨਸਨਸ, ਬਿਟਜ਼ਰ, ਹਲਦੀਰਾਮ, ਬੀਕਾਨੇਰ ਸਮੇਤ ਹੋਰਨਾਂ ਗਰੁੱਪਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਸਾਰਿਆਂ ਗਰੁੱਪਾਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਆਪਣੀ ਦਿਲਚਸਪੀ ਪ੍ਰਗਟ ਕੀਤੀ।
ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਨੇ ਵੀ ਪੰਜਾਬ ਪੈਵੇਲੀਅਨ ਦਾ ਦੌਰਾ ਕੀਤਾ ਅਤੇ ਪੰਜਾਬ ਦੇ ਉਤਪਾਦਾਂ ਦੀ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਜਲਦ ਹੀ ਪੰਜਾਬ ਦਾ ਦੌਰਾ ਕਰਨ ਦਾ ਵਾਅਦਾ ਵੀ ਕੀਤਾ।
ਇਸ ਸਮਾਗਮ ਵਿੱਚ ਰਾਖੀ ਗੁਪਤਾ ਭੰਡਾਰੀ ਆਈ.ਏ.ਐਸ., ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਬੰਧਕੀ ਸਕੱਤਰ ਕਮਲ ਕਿਸ਼ੋਰ ਯਾਦਵ ਆਈ.ਏ.ਐਸ., ਸੀ.ਈ.ਓ. ਇਨਵੈਸਟ ਪੰਜਾਬ ਅਮਿਤ ਢਾਕਾ ਆਈ.ਏ.ਐਸ., ਪੰਜਾਬ ਵਿਕਾਸ ਕੌਂਸਲ ਦੀ ਵਾਈਸ-ਚੇਅਰਪਰਸਨ ਸੀਮਾ ਬਾਂਸਲ ਸਮੇਤ ਕੇ.ਪੀ.ਐਮ.ਜੀ. ਟੀਮ ਨੇ ਵੀ ਸ਼ਿਰਕਤ ਕੀਤੀ।
Read More : ਹਰਿਆਣਾ ਵਿਚ ਲੱਗੇ ਭੂਚਾਲ ਦੇ ਝਟਕੇ