ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਵਪਾਰਕ ਜਥੇਬੰਦੀਆਂ ਨੇ ਲਿਆ ਫੈਸਲਾ
ਸਮਾਣਾ, 1 ਮਾਰਚ : ਧਰਮ ਯੁੱਧ ਮੋਰਚੇ ਦੀ 6 ਮੈਂਬਰੀ ਕਮੇਟੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਵਪਾਰਕ ਜਥੇਬੰਦੀਆਂ ਵਿਚਕਾਰ ਹੋਈ ਅਹਿਮ ਮੀਟਿੰਗ ’ਚ ਸਾਂਝੇ ਤੌਰ ’ਤੇ ਫੈਸਲਾ ਲਿਆ ਗਿਆ ਹੈ ਕਿ ਭਾਈ ਗੁਰਜੀਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਮਰਥਨ ਦੇਣ ਲਈ ਸੋਮਵਾਰ 2 ਮਾਰਚ ਨੂੰ ‘ਸਮਾਣਾ ਬੰਦ’ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 520 ਦਿਨਾਂ ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਦੂਰ-ਸੰਚਾਰ ਵਿਭਾਗ ਦੇ 400 ਫੁੱਟ ਉੱਚੇ ਟਾਵਰ ’ਤੇ ਮੋਰਚਾ ਲਾਈ ਬੈਠੇ ਹਨ। ਉਨ੍ਹਾਂ ਦੇ ਇਸ ਦ੍ਰਿੜ ਇਰਾਦੇ ਅਤੇ ਸੰਘਰਸ਼ ਨੂੰ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 24 ਫਰਵਰੀ ਤੋਂ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਂਕ ’ਚ ਪੱਕੇ ਤੌਰ ’ਤੇ ਧਰਮ ਯੁੱਧ ਮੋਰਚੇ ਦਾ ਸੰਘਰਸ਼ ਲਗਾਤਾਰ ਜਾਰੀ ਹੈ।
ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਹਿਰ ਦੇ ਸਮੂਹ ਦੁਕਾਨਦਾਰ ਆਪਣੇ ਕਾਰੋਬਾਰ ਬੰਦ ਰੱਖ ਕੇ ਮੋਰਚੇ ਦਾ ਡਟਵਾਂ ਸਮਰਥਨ ਕਰਨਗੇ। ਇਸ ਦਿਨ ਸ਼ਹਿਰ ਵਿੱਚ ਇਕ ਸਾਂਝਾ ਰੋਸ ਮਾਰਚ ਕੱਢਿਆ ਜਾਵੇਗਾ, ਜਿਸ ਵਿੱਚ ਸ਼ਰਧਾਲੂ ਆਪਣੇ-ਆਪਣੇ ਧਾਰਮਿਕ ਨਿਸ਼ਾਨ ਸਾਹਿਬ ਲੈ ਕੇ ਸ਼ਾਮਲ ਹੋਣਗੇ। ਇਸ ਮਾਰਚ ਰਾਹੀਂ ਸਰਕਾਰ ਤੋਂ ਬੇਅਦਬੀ ਰੋਕੂ ਕਾਨੂੰਨ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ।
ਇਹ ਐਲਾਨ ਅਮਿਤੋਜ ਸਿੰਘ ਮਾਨ, ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਔਲਖ, ਖੁਸ਼ਵਿੰਦਰ ਸਿੰਘ ਚਮਕੌਰ ਸਾਹਿਬ ਅਤੇ ਬਾਬਾ ਅਮਰਜੀਤ ਸਿੰਘ ਮਰਿਆਦਾ ਨੇ ਜੈਕਾਰਿਆਂ ਦੀ ਗੂੰਜ ’ਚ ਕੀਤਾ। ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਂਝੇ ਮਕਸਦ ਲਈ ਸ਼ਾਂਤੀਪੂਰਵਕ ਤਰੀਕੇ ਨਾਲ ਬੰਦ ਨੂੰ ਸਫ਼ਲ ਬਣਾਉਣ।
Read More : IND ਬਨਾਮ WI : ਭਾਰਤ ਤੇ ਵੈਸਟਇੰਡੀਜ਼ ਵਿਚਾਲੇ ‘ਕਰੋ ਜਾਂ ਮਰੋ’ ਦਾ ਮਹਾ-ਮੁਕਾਬਲਾ ਅੱਜ
