ਐਕਟਿਵਾ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਮਹਿਲਾ ਕੈਸ਼ੀਅਰ ਨੂੰ ਗੰਨ ਪੁਆਇੰਟ ’ਤੇ ਲੈ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਜਲੰਧਰ, 6 ਅਪ੍ਰੈਲ : ਜਲੰਧਰ ’ਚ ਸੋਮਵਾਰ ਨੂੰ ਦਿਨ-ਦਿਹਾੜੇ ਐਕਟਿਵਾ ’ਤੇ ਆਏ ਦੋ ਲੁਟੇਰੇ ਮਿੱਠਾਪੁਰ ਰੋਡ ’ਤੇ ਸਥਿਤ ਪੀ. ਐੱਨ. ਬੀ. ਬੈਂਕ ’ਚੋਂ 7 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਜਿਵੇਂ ਹੀ ਬੈਂਕ ’ਚ ਦਾਖ਼ਲ ਹੋਏ ਤਾਂ ਉਨ੍ਹਾਂ ਮਹਿਲਾ ਕੈਸ਼ੀਅਰ ਨੂੰ ਗੰਨ ਪੁਆਇੰਟ ’ਤੇ ਲੈ ਲਿਆ ਅਤੇ ਨਕਦੀ ਦੀ ਮੰਗ ਕੀਤੀ। ਲੁਟੇਰੇ ਆਪਣੇ ਨਾਲ ਇਕ ਲਿਫ਼ਾਫ਼ਾ ਲੈ ਕੇ ਆਏ ਸਨ, ਜਿਸ ’ਚ ਉਹ ਪੈਸੇ ਭਰ ਕੇ ਐਕਟਿਵਾ ’ਤੇ ਸਵਾਰ ਹੋ ਕੇ ਨਕੋਦਰ ਰੋਡ ਵੱਲ ਫ਼ਰਾਰ ਹੋ ਗਏ।
ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੋਮਵਾਰ ਦੁਪਹਿਰੇ ਲਗਭਗ ਪੌਣੇ ਤਿੰਨ ਵਜੇ ਪੁਲਸ ਕੰਟਰੋਲ ਰੂਮ ’ਚ ਸੂਚਨਾ ਮਿਲੀ ਸੀ ਕਿ ਕੁੱਕੀ ਢਾਬ ਵਿਖੇ ਪੀ. ਐੱਨ. ਬੀ. ਬੈਂਕ ’ਚ ਲੁੱਟ ਹੋਈ ਹੈ। ਉਨ੍ਹਾਂ ਸਮੇਤ ਹੋਰ ਅਧਿਕਾਰੀ, ਸੀ. ਆਈ. ਏ. ਸਟਾਫ਼, ਥਾਣਾ ਨੰਬਰ 7 ਅਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਫੋਰਸ ਤੁਰੰਤ ਮੌਕੇ ’ਤੇ ਪਹੁੰਚ ਗਈ।
ਜਾਂਚ ’ਚ ਪਾਇਆ ਗਿਆ ਕਿ ਦੋ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ’ਚ ਵੜਦਿਆਂ ਹੀ ਮਹਿਲਾ ਕੈਸ਼ੀਅਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ, ਜਿਸ ਸਮੇਂ ਲੁਟੇਰੇ ਪਹੁੰਚੇ, ਉਦੋਂ ਕੈਸ਼ ਕਾਊਂਟਰ ’ਤੇ ਇਕ ਔਰਤ ਵੀ ਖੜ੍ਹੀ ਸੀ, ਜੋ ਲੁਟੇਰਿਆਂ ਨੂੰ ਦੇਖ ਕੇ ਸਹਿਮ ਗਈ। ਮਹਿਲਾ ਕੈਸ਼ੀਅਰ ਨੇ ਡਰ ਦੇ ਮਾਰੇ ਕੈਸ਼ ਕਾਊਂਟਰ ’ਤੇ ਰੱਖਣਾ ਸ਼ੁਰੂ ਕਰ ਦਿੱਤਾ ਅਤੇ ਲੁਟੇਰੇ ਸਾਰੀ ਨਕਦੀ ਲਿਫ਼ਾਫ਼ੇ ’ਚ ਪਾ ਕੇ ਰਫ਼ੂ-ਚੱਕਰ ਹੋ ਗਏ।
ਡੀ. ਸੀ. ਪੀ. ਢਿੱਲੋਂ ਮੁਤਾਬਕ ਲੁਟੇਰੇ ਸੱਤ ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਹਨ। ਪੁਲਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ, ਜਿਸ ’ਚ ਦੋਵੇਂ ਲੁਟੇਰੇ ਕੈਦ ਹੋ ਗਏ ਹਨ ਪਰ ਉਨ੍ਹਾਂ ਦੇ ਮੂੰਹ ਢਕੇ ਹੋਏ ਸਨ। ਥਾਣਾ ਨੰਬਰ 7 ’ਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਟ੍ਰੇਸ ਕਰਨ ਲਈ ਟੀਮਾਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀਆਂ ਹਨ ਅਤੇ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
Read More : ਮਾਣਹਾਨੀ ਦੇ 9 ਸਾਲ ਪੁਰਾਣੇ ਮਾਮਲੇ ’ਚ ਸੁਖਬੀਰ ਬਾਦਲ ਨੂੰ ਪੇਸ਼ੀ ਤੋਂ ਛੋਟ
