ਤਰਨਤਾਰਨ, 1 ਦਸੰਬਰ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਇਕ ਕਰਿਆਨਾ ਦੁਕਾਨਦਾਰ ਨੂੰ ਲੁਟੇਰਿਆਂ ਵੱਲੋਂ ਦੁਕਾਨ ਅੰਦਰ ਦਾਖਲ ਹੋ ਲੁੱਟ ਕਰਨ ਸਮੇਂ ਗੋਲੀਆਂ ਮਾਰਦੇ ਹੋਏ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨਕਾਬਪੋਸ਼ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ, ਜਦਕਿ ਗੰਭੀਰ ਜ਼ਖਮੀ ਦੁਕਾਨਾਰ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਭੁੱਲਰ ਵਿਖੇ ਕਰਿਆਨਾ ਅਤੇ ਚੱਕੀ ਦਾ ਕਾਰੋਬਾਰ ਕਰਨ ਵਾਲਾ ਦਲਜੀਤ ਸਿੰਘ (45) ਪੁੱਤਰ ਖਜ਼ਾਨ ਸਿੰਘ ਦੁਪਹਿਰ ਕਰੀਬ ਇਕ ਵਜੇ ਜਦੋਂ ਆਪਣੀ ਦੁਕਾਨ ਵਿਚ ਮੌਜੂਦ ਸੀ ਤਾਂ ਮੋਟਰਸਾਈਕਲ ਉਪਰ ਆਏ ਦੋ ਨਕਾਬਪੋਸ਼ ਲੁਟੇਰੇ ਦੁਕਾਨ ਵਿਚ ਦਾਖਲ ਹੋਏ।
ਇਸ ਦੌਰਾਨ ਦੁਕਾਨ ਮਾਲਕ ਅਤੇ ਲੁਟੇਰਿਆਂ ਵਿਚਕਾਰ ਮਾਮੂਲੀ ਤਕਰਾਰ ਹੋਇਆ, ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ਉਪਰ ਕਰੀਬ ਚਾਰ ਫਾਇਰ ਕੀਤੇ। ਤਿੰਨ ਗੋਲੀਆਂ ਲੱਗਣ ਕਾਰਨ ਦੁਕਾਨ ਮਾਲਕ ਖੂਨ ਨਾਲ ਲੱਥਪੱਥ ਹੇਠਾਂ ਡਿੱਗ ਪਿਆ। ਗੰਭੀਰ ਜ਼ਖਮੀ ਦਲਜੀਤ ਸਿੰਘ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮੌਕੇ ’ਤੇ ਪੁੱਜੇ ਐੱਸ. ਪੀ. ਇਨਵੈਸਟੀਗੇਸ਼ਨ ਰਿਪੂਤਾਪਨ ਸਿੰਘ, ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਅਤੁਲ ਸੋਨੀ ਅਤੇ ਥਾਣਾ ਸਦਰ ਮੁਖੀ ਰਣਜੀਤ ਸਿੰਘ ਸਮੇਤ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਨਕਾਰੇ ਗਏ ਆਗੂ ਦੇਖ ਰਹੇ ਮੁੜ ਸੱਤਾ ਵਾਪਸੀ ਦੇ ਸੁਪਨੇ : ਵਿੱਤ ਮੰਤਰੀ ਚੀਮਾ
