ਇਕ ਸਾਲ ਤੋਂ ਸੀ ਫਰਾਰ, ਕੁਆਰੇ ਨੌਜਵਾਨਾਂ ਨਾਲ ਵਿਆਹ ਕਰਵਾ ਕੇ ਮਾਰਦੀ ਸੀ ਠੱਗੀ
ਗੁਰੂਗ੍ਰਾਮ,16 ਅਕਤੂਬਰ : ਕਰੀਬ ਇਕ ਸਾਲ ਤੋਂ ਫਰਾਰ ਉੱਤਰ ਪ੍ਰਦੇਸ਼ ਦੀ ਲੁਟੇਰੀ ਦੁਲਹਨ ਕਾਜਲ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ‘ਤੇ ਕੁਆਰੇ ਨੌਜਵਾਨਾਂ ਨੂੰ ਆਪਣੇ ਪਿਆਰ ਵਿਚ ਫਸਾਉਣ ਅਤੇ ਫਿਰ ਉਨ੍ਹਾਂ ਨਾਲ ਵਿਆਹ ਕਰਨ ਦਾ ਦੋਸ਼ ਹੈ। ਫਿਰ ਉਹ ਪੈਸੇ ਅਤੇ ਗਹਿਣੇ ਲੈ ਕੇ ਭੱਜ ਜਾਂਦੀ ਸੀ।
ਰਾਜਸਥਾਨ ਪੁਲਿਸ ਨੇ ਉਸ ਦੀ ਮੋਬਾਈਲ ਲੋਕੇਸ਼ਨ ਅਤੇ ਕਾਲ ਡਿਟੇਲ ਦੀ ਵਰਤੋਂ ਕਰ ਕੇ ਉਸਨੂੰ ਟਰੈਕ ਕੀਤਾ ਅਤੇ ਬੁੱਧਵਾਰ ਨੂੰ ਪੁਲਿਸ ਨੇ ਕਾਜਲ ਨੂੰ ਗੁਰੂਗ੍ਰਾਮ ਦੇ ਸਰਸਵਤੀ ਐਨਕਲੇਵ ਤੋਂ ਗ੍ਰਿਫ਼ਤਾਰ ਕੀਤਾ, ਉਹ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।
ਇਸ ਦੌਰਾਨ ਜਦੋਂ ਕਾਜਲ ਨੂੰ ਗ੍ਰਿਫਤਾਰ ਕੀਤਾ ਉਦੋਂ ਵੀ ਉਸ ਦੇ ਹੱਥਾਂ ‘ਤੇ ਮਹਿੰਦੀ ਲੱਗੀ ਹੋਈ ਸੀ। ਉਸ ਨੂੰ ਦੇਖ ਕੇ ਕੋਈ ਵੀ ਉਸ ਦੇ ਮਾਸੂਮ ਚਿਹਰੇ ਪਿੱਛੇ ਲੁਕੇ ਹੋਏ ਚਲਾਕ ਸੁਭਾਅ ਦਾ ਅੰਦਾਜ਼ਾ ਨਹੀਂ ਲਗਾ ਸਕਦਾ।
ਪੁਲਿਸ ਪਹਿਲਾਂ ਹੀ ਉਸ ਦੇ ਪਿਤਾ ਭਗਤ ਸਿੰਘ, ਮਾਂ ਸਰੋਜ ਦੇਵੀ, ਭੈਣ ਤਮੰਨਾ ਅਤੇ ਭਰਾ ਸੂਰਜ ਨੂੰ ਫਰਜ਼ੀ ਵਿਆਹ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਚੁੱਕੀ ਹੈ। ਕਾਜਲ ਲਗਭਗ ਇਕ ਸਾਲ ਤੋਂ ਫਰਾਰ ਸੀ। ਤਿੰਨਾਂ ਰਾਜਾਂ ਤੋਂ ਉਸ ਅਤੇ ਉਸਦੇ ਪਰਿਵਾਰ ਵਿਰੁੱਧ ਧੋਖਾਧੜੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
ਰਾਜਸਥਾਨ ਦੇ ਸੀਕਰ ਜ਼ਿਲੇ ਦੇ ਰਹਿਣ ਵਾਲੇ ਤਾਰਾਚੰਦ ਨਾਮ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਕਾਜਲ ਦੇ ਪਿਤਾ ਭਗਤ ਸਿੰਘ ਨੇ ਵਿਆਹ ਦੇ ਨਾਮ ‘ਤੇ ਉਸ ਤੋਂ 11 ਲੱਖ ਰੁਪਏ ਲਏ ਸਨ। ਵਿਆਹ ਇੱਕ ਗੈਸਟ ਹਾਊਸ ਵਿਚ ਹੋਇਆ ਅਤੇ ਵਿਆਹ ਦੇ ਤੀਜੇ ਦਿਨ ਪੂਰਾ ਪਰਿਵਾਰ ਲਾੜੀ, ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ।
Read More : 12 ਕੈਬਨਿਟ ਮੰਤਰੀਆਂ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ