Rivers overflowed

ਨਦੀਆਂ ਓਵਰਫਲੋ, ਫਸਲਾਂ ਡੁੱਬੀਆਂ, ਦਰਜਨਾਂ ਪਿੰਡ ਪਾਣੀ ’ਚ ਘਿਰੇ

ਘੱਗਰ ਦੇ ਪਾਣੀ ਨੇ ਨਰਵਾਣਾ ਬ੍ਰਾਂਚ ਅਤੇ ਐੱਸ. ਵਾਈ. ਐੱਲ. ’ਚ ਪਾਇਆ ਪਾੜ

ਪਟਿਆਲਾ, 5 ਸਤੰਬਰ : ਲਗਾਤਾਰ ਪੈ ਰਹੀਆਂ ਬਰਸਾਤਾਂ ਕਾਰਨ ਪਟਿਆਲਾ ਜ਼ਿਲੇ ਦੇ ਹਲਕਾ ਸਨੌਰ, ਘਨੌਰ, ਸ਼ੁਤਰਾਣਾ ਤੇ ਸਮਾਣਾ ’ਚੋਂ ਲੰਘਦੀਆਂ ਨਦੀਆਂ ਘੱਗਰ, ਟਾਂਗਰੀ, ਮਾਰਕੰਡਾ, ਪੱਚੀਦਰਾ ਆਦਿ ਇਸ ਸਮੇਂ ਪੂਰੀ ਤਰ੍ਹਾਂ ਓਵਰਫਲੋ ਹਨ। ਫਸਲਾਂ ਡੁੱਬ ਚੁੱਕੀਆਂ ਹਨ ਅਤੇ 80 ਦੇ ਪਿੰਡ ਹੜ੍ਹਾਂ ਵਿਚ ਘਿਰੇ ਹੋਏ ਹਨ ਅਤੇ ਜ਼ਿਲਾ ਪ੍ਰਸ਼ਾਸਨ ਨੇ ਆਪਣੀ ਸਪੋਰਟ ਲਈ ਕਈ ਥਾਵਾਂ ਉਪਰ ਫੌਜ ਵੀ ਬੁਲਾ ਲਈ ਹੈ। ਕਈ ਸੰਵੇਦਨਸ਼ੀਲ ਥਾਵਾਂ ਉਪਰ ਫੌਜ ਨੇ ਮੋਰਚੇ ਵੀ ਸੰਭਾਲ ਲਏ ਹਨ।

ਹਲਕਾ ਘਨੌਰ, ਸਨੌਰ ਅਤੇ ਹੋਰ ਖੇਤਰਾਂ ਵਿਚ ਲੰਘ ਰਹੇ ਘੱਗਰ ਦਰਿਆ ਦੇ ਪਾਣੀ ਦੇ ਵੱਧ ਰਹੇ ਵਹਾਅ ਕਾਰਨ ਨਾਲ ਲੱਗਦੇ ਪਿੰਡਾਂ ’ਚ ਲੋਕਾਂ ਦੇ ਮਨਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬੀਤੀ ਰਾਤ ਪ੍ਰਸ਼ਾਸਨ ਵੱਲੋਂ ਪਾਣੀ ਦੇ ਵੱਧ ਰਹੇ ਲੈਵਲ ਨੂੰ ਵੇਖਦਿਆਂ ਇਥੋਂ ਦੇ ਪਿੰਡਾਂ ਨੂੰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਕਰਦਿਆਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਇਥੋਂ ਦੇ ਲੋਕਾਂ ਲਈ ਵੱਖ-ਵੱਖ ਥਾਵਾਂ ’ਤੇ ਰਹਿਣ ਲਈ ਸੈਂਟਰ ਸਥਾਪਿਤ ਕੀਤੇ ਗਏ ਹਨ।

ਲੰਘੀ ਸਵੇਰ ਟਾਇਮ ਤੜਕ ਸਾਰ ਹੀ ਘੱਗਰ ’ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਅਤੇ ਖੇਤਾਂ ਦੇ ਡੋਲ ਕੰਡਿਆਂ ਦੇ ਉੱਪਰ ਦੀ ਲੰਘਦਾ ਹੋਇਆ ਘੱਗਰ ਦਾ ਪਾਣੀ ਓਵਰ ਫਲੋਅ ਹੋ ਗਿਆ। ਇਸ ਸਮੇਂ ਘੱਗਰ ਪਿਛਲੇ ਪਾਸੇ ਅਤੇ ਅੱਗੇ ਵਾਲੇ ਹਿੱਸੇ ਤੋਂ ਟੁੱਟ ਗਿਆ, ਜਿਸ ਨਾਲ ਚਾਰ ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜਦੋਂ ਕਿ ਘੱਗਰ ਦੇ ਨਾਲ ਹੀ ਵੱਗ ਰਹੇ ਪੱਚੀ ਦਰੇ ’ਚ ਵੀ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ, ਜਿਸ ਦਾ ਪਾਣੀ ਵੀ ਓਵਰ ਫਲੋਅ ਹੋ ਕੇ ਖੇਤਾਂ ਵਿਚ ਵੜ ਗਿਆ, ਜਿਸ ਨਾਲ ਘੱਗਰ ਨੇੜਲੇ ਖੜੀਆਂ ਫਸਲਾਂ ਡੁੱਬ ਗਈਆਂ ਹਨ।

ਇਹ ਦੱਸਣਯੋਗ ਹੈ ਕਿ ਘੱਗਰ ਦਰਿਆ ਅਤੇ ਪੱਚੀ ਦਰੇ ਦਾ ਓਵਰ ਫਲੋਅ ਪਾਣੀ ਦੇ ਤੇਜ਼ ਵਹਾਅ ਨੇ ਉਪਰੋਂ ਦੀ ਘੁੰਮ ਕੇ ਸਰਾਲਾ ਕਲਾਂ ਨੇੜੇ ਲੰਘ ਰਹੀ ਨਰਵਾਣਾ ਬ੍ਰਾਂਚ ਨਹਿਰ ਵਿਚ ਲਗਭਗ 100 ਮੀਟਰ ਚੌੜਾ ਪਾੜ ਪਾ ਲਿਆ। ਇਸੇ ਤਰ੍ਹਾਂ ਹੀ ਘੱਗਰ ਅਤੇ ਪੱਚੀ ਦਰੇ ਦੇ ਓਵਰਫਲੋ ਤੇਜ਼ ਪਾਣੀ ਨੇ ਐੱਸ. ਵਾਈ. ਐੱਲ. ਨਹਿਰ ਵਿਚ ਵੀ ਪਾੜ ਪਾ ਦਿੱਤਾ ਗਿਆ, ਜਿਸ ਦਾ ਪਾਣੀ ਖਿੱਲਰ ਕੇ ਅੱਗੇ ਵਹਿੰਦਾ ਰਿਹਾ।

ਇਸ ਮੌਕੇ ਜਦੋਂ ਉਕਤ ਥਾਂ ’ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਜੇਕਰ ਨਰਬਾਣਾ ਬ੍ਰਾਂਚ ਨਹਿਰ ’ਚ ਪਾੜ ਨਾ ਪੈਂਦਾ ਤਾਂ ਇਥੋਂ ਦੇ ਨੇੜਲੇ ਪਿੰਡਾਂ ਨੂੰ ਘੱਗਰ ਦਰਿਆ ਅਤੇ ਪੱਚੀ ਦਰੇ ਦੇ ਓਵਰਫਲੋ ਪਾਣੀ ਦੇ ਤੇਜ਼ ਵਹਾਅ ਨੇ ਡੁਬੋ ਦੇਣਾ ਸੀ, ਕਿਉਂਕਿ ਘੱਗਰ ਅਤੇ ਪੱਚੀ ਦਰੇ ਦੇ ਓਵਰਫਲੋਅ ਪਾਣੀ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਸੀ ਅਤੇ ਪਾਣੀ ਹੋਰ ਵਧਣ ਦੇ ਆਸਾਰ ਨੇ ਤਾਂ ਲੋਕਾਂ ਦੇ ਸ਼ਾਹ ਸੂਤ ਦਿੱਤੇ ਸਨ।

ਉਨ੍ਹਾਂ ਦੱਸਿਆ ਕਿ ਇਸ ਨਹਿਰ ’ਚ ਪਏ ਪਾੜ ਨਾਲ ਓਵਰਫਲੋ ਪਾਣੀ ਹਰਿਆਣਾ ਵੱਲ ਨੂੰ ਲੰਘਦਾ ਹੈ, ਜਿਸ ਕਰ ਕੇ ਨੇੜਲੇ ਪਿੰਡਾਂ ਦੇ ਡੁੱਬਣ ਦੇ ਆਸਾਰ ਘੱਟ ਜਾਂਦੇ ਹਨ। ਇਸੇ ਤਰ੍ਹਾਂ ਐੱਸ. ਵਾਈ. ਐੱਲ. ਨਹਿਰ ਨੇ ਵੀ ਪਾੜਾਂ ’ਚੋਂ ਡਿੱਗੇ ਪਾਣੀ ਨੂੰ ਸਮੇਟ ਕੇ ਅੱਗੇ ਤੋਰਨ ਦਾ ਕੰਮ ਕੀਤਾ।

ਇਸ ਮੌਕੇ ਐੱਸ. ਡੀ. ਐੱਮ. ਰਾਜਪੁਰਾ ਅਭਿਕੇਸ਼ ਗੁਪਤਾ ਦੀ ਨਿਗਰਾਨੀ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਅਤੇ ਟਰੈਕਟਰ ਟਰਾਲੀਆਂ ਰਾਹੀਂ ਮਿੱਟੀ ਦੇ ਥੈਲਿਆਂ ਨਾਲ ਡੋਲੇ-ਬੰਨਾਂ ਨੂੰ ਪੂਰਿਆ ਗਿਆ। ਦੱਸਣ ਮੁਤਾਬਿਕ ਜਦੋਂ ਸਵੇਰੇ ਸਮੇਂ ਨਹਿਰ ਵਿਚ ਪਾੜ ਪਿਆ ਤਾਂ ਇਸ ਰਾਸਤੇ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਰ ਕੇ ਘਨੌਰ ਤੋਂ ਅੰਬਾਲਾ ਸ਼ਹਿਰ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਕਈ ਘੰਟੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਫੌਜ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਤਾਇਨਾਤ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਾਣੀ ਦੇ ਵਹਾਅ ਨੂੰ ਦੇਖਦਿਆਂ ਫੌਜ ਦੀ ਇਕ ਆਰਮਰਡ ਡਵੀਜ਼ਨ ਤੋਂ ਰਾਹਤ ਕਾਰਜਾਂ ਦੇ ਨਾਲ-ਨਾਲ ਐੱਨ. ਡੀ. ਆਰ. ਐੱਫ. ਦੀਆਂ ਤਿੰਨ ਟੀਮਾਂ ਨੂੰ ਘੱਗਰ, ਟਾਂਗਰੀ ਨਦੀ ਦੇ ਨਾਲ-ਨਾਲ ਘਨੌਰ, ਦੁੱਧਨਸਾਧਨ, ਸਮਾਣਾ ਅਤੇ ਸ਼ੁਤਰਾਣਾ ਖੇਤਰਾਂ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ।

Read More : ਢੱਠੇ ਨਾਲ ਟਕਰਾਇਆ ਟਰੈਕਟਰ, ਵਿਅਕਤੀ ਦੀ ਮੌਤ

Leave a Reply

Your email address will not be published. Required fields are marked *