ਸਿੱਖ ਇਤਿਹਾਸ ਦੇ ਸਮਾਗਮ ’ਚ ਆਰ.ਐੱਸ.ਐੱਸ. ਆਗੂ ਨੂੰ ਬੁਲਾਉਣ ਦਾ ਵਿਦਿਆਰਥੀ ਜਥੇਬੰਦੀਆਂ ਨੇ ਕੀਤਾ ਵਿਰੋਧ
ਚੰਡੀਗੜ੍ਹ, 9 ਮਾਰਚ : ਪੰਜਾਬ ਯੂਨੀਵਰਸਿਟੀ (ਪੀ.ਯੂ.) ਕੈਂਪਸ ’ਚ ਸੋਮਵਾਰ ਨੂੰ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਸਿੱਖ ਇਤਿਹਾਸ ਨਾਲ ਸਬੰਧਿਤ ਇਕ ਪ੍ਰੋਗਰਾਮ ’ਚ ਆਰ.ਐੱਸ.ਐੱਸ. ਅਧਿਕਾਰੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਉਣ ਦਾ ਵਿਦਿਆਰਥੀ ਜਥੇਬੰਦੀਆਂ ਨੇ ਤਿੱਖਾ ਵਿਰੋਧ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਚੰਡੀਗੜ੍ਹ ਪੁਲਸ ਵਿਚਾਲੇ ਹੋਈ ਝੜਪ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਕੀਤਾ, ਜਿਸ ’ਚ ਕਈ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ। ਪੁਲਸ ਨੇ ਲਗਭਗ 100 ਵਿਦਿਆਰਥੀਆਂ ਨੂੰ ਹਿਰਾਸਤ ’ਚ ਵੀ ਲਿਆ ਹੈ।
ਵਿਰੋਧ ਕਰ ਰਹੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਸਿੱਖ ਇਤਿਹਾਸ ਨਾਲ ਜੁੜੇ ਸਮਾਗਮਾਂ ’ਚ ਸਿਆਸੀ ਜਾਂ ਕਿਸੇ ਖਾਸ ਸੰਗਠਨ ਨਾਲ ਜੁੜੇ ਵਿਅਕਤੀਆਂ ਦੀ ਬਜਾਏ ਇਤਿਹਾਸ ਦੇ ਮਾਹਿਰ ਵਿਦਵਾਨਾਂ ਨੂੰ ਬੁਲਾਇਆ ਜਾਣਾ ਚਾਹੀਦਾ ਹੈ। ‘ਸੱਥ’ ਜਥੇਬੰਦੀ ਦੇ ਮੈਂਬਰ ਸੁਖਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਪ੍ਰੋਗਰਾਮ ’ਚ ਆਰ.ਐੱਸ.ਐੱਸ. ਆਗੂ ਨੂੰ ਨਾ ਬੁਲਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਕਾਰਵਾਈ ਦੌਰਾਨ ਸਾਥੀ ਅਰਸ਼ਦੀਪ ਸਿੰਘ ਦੀ ਕਿਰਪਾਨ ਜ਼ਬਤ ਕੀਤੀ ਗਈ ਤੇ ਕਈਆਂ ਦੀਆਂ ਪੱਗਾਂ ਦੀ ਬੇਅਦਬੀ ਵੀ ਹੋਈ।
ਦੂਜੇ ਪਾਸੇ, ਏ.ਬੀ.ਵੀ.ਪੀ. ਪੀ.ਯੂ. ਇਕਾਈ ਦੇ ਪ੍ਰਧਾਨ ਅਸ਼ੀਸ਼ ਸ਼ਰਮਾ ਨੇ ਪੂਰੇ ਮਾਮਲੇ ਦੀ ਸਮੀਖਿਆ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਸਿਰਫ਼ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣਾ ਸੀ ਤੇ ਇਸ ਦਾ ਕੋਈ ਸਿਆਸੀ ਸਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਉੱਤਰੀ ਖੇਤਰ ਦੇ ਪ੍ਰਚਾਰਕ ਪ੍ਰਮੁੱਖ ਬਨਵੀਰ ਰਾਣਾ ਵਿਦਿਆਰਥੀਆਂ ਨੂੰ ਇਤਿਹਾਸਕ ਜਾਣਕਾਰੀ ਦੇਣ ਪਹੁੰਚੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਜਥੇਬੰਦੀਆਂ ਆਉਣ ਵਾਲੀਆਂ ਚੋਣਾਂ ਕਾਰਨ ਜਾਣਬੁੱਝ ਕੇ ਮਾਹੌਲ ਖ਼ਰਾਬ ਕਰ ਰਹੀਆਂ ਹਨ।
Read More : ਭਗਵੰਤ ਮਾਨ ਨੇ ਕਾਹਨੂੰਵਾਨ ’ਚ 168.44 ਕਰੋੜ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ
