ਵਾਰ-ਵਾਰ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ
ਅੰਮ੍ਰਿਤਸਰ,19 ਜੁਲਾਈ :-ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਆਪਣੇ ਸਾਥੀਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਦੌਰਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸੁਰੱਖਿਆ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ।
ਔਜਲਾ ਨੇ ਕਿਹਾ ਕਿ ਅੱਜ ਇਨ੍ਹਾਂ ਧਮਕੀਆਂ ਦਾ ਛੇਵਾਂ ਦਿਨ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਵੀ ਇੱਥੇ ਨਹੀਂ ਆਏ ਹਨ। ਔਜਲਾ ਨੇ ਕਿਹਾ ਕਿ ਵਾਰ-ਵਾਰ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਕੱਲ ਸਰਕਾਰ ਵੱਲੋਂ ਸੁਨੇਹਾ ਦਿੱਤਾ ਗਿਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀ ਦੇਣ ਵਾਲਿਆਂ ਨੂੰ ਫੜ ਲਿਆ ਗਿਆ ਹੈ ਪਰ ਅੱਜ ਦੁਬਾਰਾ ਈਮੇਲ ਆਉਣਾ ਸਾਬਿਤ ਕਰਦਾ ਹੈ ਕਿ ਏਜੰਸੀਆਂ ਅਜੇ ਤੱਕ ਉਥੇ ਨਹੀਂ ਪਹੁੰਚੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹਨ ਕਿ ਉਹ ਲੋਕਾਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਦੇਣ। ਉਹ ਖੁਦ ਅਜੇ ਤੱਕ ਅੰਮ੍ਰਿਤਸਰ ਕਿਉਂ ਨਹੀਂ ਆਏ? ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ’ਚ ਆਸਥਾ ਰੱਖਣ ਵਾਲੇ ਲੋਕ ਇਸ ਸਮੇਂ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੁਕੋ ਕੇ ਹੱਲ ਨਹੀਂ ਕੀਤਾ ਜਾ ਸਕਦਾ। ਇਸ ਲਈ ਕੇਂਦਰ ਸਰਕਾਰ ਨਾਲ ਸੰਪਰਕ ਕਰੋ। ਉਨ੍ਹਾਂ ਕਿਹਾ ਕਿ ਸਾਰੇ ਮਤਭੇਦ ਭੁੱਲ ਕੇ ਇਸ ’ਤੇ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਭਾਵੇਂ ਸੰਗਤ ਵੱਡੀ ਗਿਣਤੀ ਵਿਚ ਆ ਰਹੀ ਹੈ, ਫਿਰ ਵੀ ਸੁਰੱਖਿਆ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਸੰਗਤ ਨੂੰ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਉਹ ਬਿਨਾ ਡਰੇ ਆ ਰਹੇ ਹਨ, ਇਸ ਲਈ ਲੋਕਾਂ ਨੂੰ ਵੀ ਆਉਣਾ ਚਾਹੀਦਾ ਹੈ ਅਤੇ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰਨੀ ਚਾਹੀਦੀ ਹੈ।
ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਜੀ, ਯੂਥ ਪ੍ਰਧਾਨ ਰਾਹੁਲ ਕੁਮਾਰ, ਕਿਸਾਨ ਕਾਂਗਰਸ ਦੇ ਸਕੱਤਰ ਹਰਮਨਪ੍ਰੀਤ ਸਿੰਘ ਸਿੱਧੂ, ਇਕਬਾਲ ਸਿੰਘ ਤੁੰਗ ਅਤੇ ਹੋਰ ਸਾਥੀ ਮੌਜੂਦ ਸਨ।
Read More : ਮੁੱਖ ਮੰਤਰੀ ਮਾਨ ਵੱਲੋਂ 8 ਆਧੁਨਿਕ ਜਨਤਕ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ
