Punjabi University

ਪੰਜਾਬੀ ਯੂਨੀਵਰਸਿਟੀ ਦੀ ਖੋਜ ; ਹੁਣ ਪ੍ਰਦੂਸ਼ਿਤ ਮਿੱਟੀ ’ਚ ਉੱਗ ਸਕੇਗੀ ਸ਼ੁੱਧ ਸਰ੍ਹੋਂ

ਪਟਿਆਲਾ, 6 ਅਕਤੂਬਰ : ਪੰਜਾਬੀ ਯੂਨੀਵਰਸਿਟੀ ਦੀ ਇਕ ਤਾਜ਼ਾ ਖੋਜ ਰਾਹੀਂ ਸਰ੍ਹੋਂ ਜਾਂ ਕਨੋਲਾ ਦੀ ਇਕ ਕਿਸਮ ਨੂੰ ਪ੍ਰਦੂਸ਼ਿਤ ਮਿੱਟੀ ’ਚ ਉਗਾਏ ਜਾ ਸਕਣ ਦੀ ਵਿਧੀ ਲੱਭੀ ਗਈ ਹੈ। ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਗੀਤਿਕਾ ਸਰਹਿੰਦੀ ਦੀ ਅਗਵਾਈ ਹੇਠ ਖੋਜਾਰਥੀ ਡਾ. ਗੁਰਵਰਿੰਦਰ ਕੌਰ ਵੱਲੋਂ ਇਹ ਖੋਜ ਕੀਤੀ ਗਈ ਹੈ।

ਇਸ ਖੋਜ ਦੇ ਨਤੀਜੇ ਅੰਤਰਰਾਸ਼ਟਰੀ ਰਸਾਲਿਆਂ ’ਚ ਛਪ ਚੁੱਕੇ ਹਨ। ਆਸਟ੍ਰੇਲੀਆ ਦੇ ਸਿਡਨੀ ਵਿਖੇ ਹੋਈ ਸਾਇੰਸ ਕਾਨਫ਼ਰੰਸ ਆਈ. ਆਰ. ਸੀ. -2023 ਵਿਚ ਵੀ ਪੇਸ਼ ਕੀਤੇ ਜਾ ਚੁੱਕੇ ਹਨ। ਇਸ ਖੋਜ ਲਈ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਆਰਥਿਕ ਸਹਾਇਤਾ ਵੀ ਹਾਸਲ ਹੋਈ ਹੈ।

ਜ਼ਿਕਰਯੋਗ ਹੈ ਕਿ ਪ੍ਰੋ. ਗੀਤਿਕਾ ਸਰਹਿੰਦੀ ਫ਼ਸਲਾਂ ਨੂੰ ਲਾਭਕਾਰੀ ਸੂਖਮ ਜੀਵਾਂ ਦੀ ਮਦਦ ਨਾਲ ਮੌਸਮੀ ਤਣਾਅ ਤੋਂ ਬਚਾਉਣ ਅਤੇ ਪੌਦਿਆਂ ਦੇ ਆਪਣੇ ਹਾਰਮੋਨਜ਼ ਰਾਹੀਂ ਵਧਣ-ਵਿਗਸਣ ਸਬੰਧੀ ਆਪਣੀਆਂ ਖੋਜਾਂ ਲਈ ਜਾਣੇ ਜਾਂਦੇ ਹਨ।

ਪ੍ਰੋ. ਗੀਤਿਕਾ ਨੇ ਤਾਜ਼ਾ ਖੋਜ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਇਸ ਮਕਸਦ ਲਈ ਪੌਦਿਆਂ ’ਚ ਪਾਏ ਜਾਂਦੇ ਇਕ ਵਿਸ਼ੇਸ਼ ਹਾਰਮੋਨ ਅਤੇ ਇਕ ਫੰਗਸ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ 28-ਐੱਚ. ਬੀ. ਐੱਲ. (28 ਹੋਮੋਬਰਾਸੀਅਨੋਲਾਇਡ) ਨਾਮ ਦਾ ਇਹ ਹਾਰਮੋਨ ਪੌਦਿਆਂ ਨੂੰ ਕੈਡਮੀਅਮ ਦੇ ਪ੍ਰਦੂਸ਼ਣ ਤੋਂ ਪੈਦਾ ਹੁੰਦੇ ਤਣਾਅ ਨਾਲ ਨਜਿੱਠਣ ’ਚ ਮਦਦਗਾਰ ਬਣਦਾ ਹੈ।

ਇਸੇ ਤਰ੍ਹਾਂ ਪਿਰੀਫੋਰਮੋਸਪੋਰਾ ਇੰਡੀਕਾ ਨਾਮਕ ਇਕ ਲਾਭਕਾਰੀ ਫੰਗਸ ਦੀ ਵੀ ਵਰਤੋਂ ਕੀਤੀ ਗਈ, ਜੋ ਪੌਦੇ ਦੀ ਜੜ੍ਹ ’ਚ ਰਹਿੰਦੀ ਹੈ ਅਤੇ ਉਸ ਦੇ ਵਧਣ-ਫੁੱਲਣ ’ਚ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਨਤੀਜਿਆਂ ’ਚ ਸਾਹਮਣੇ ਆਇਆ ਕਿ ਇਹ ਦੋਹੇਂ ਮਿਲ ਕੇ ਪੌਦੇ ਨੂੰ ਜ਼ਹਿਰੀਲੇ ਕੈਡਮੀਅਮ ਦੇ ਪ੍ਰਭਾਵ ਤੋਂ ਬਚਾਉਂਦੇ ਹਨ। ਇਹ ਜ਼ਹਿਰੀਲੇ ਕੈਡਮੀਅਮ ਨੂੰ ਜੜ੍ਹਾਂ ’ਚ ਰੋਕ ਲੈਂਦੇ ਹਨ ਤਾਂ ਜੋ ਉਹ ਪੌਦੇ ਦੇ ਉਸ ਹਿੱਸੇ ਤੱਕ ਨਾ ਪੁੱਜੇ ਜੋ ਖਾਣਯੋਗ ਹੁੰਦਾ ਹੈ।

ਖੋਜਾਰਥੀ ਡਾ. ਗੁਰਵਰਿੰਦਰ ਕੌਰ ਨੇ ਖੋਜ ਦੀ ਮਹੱਤਤਾ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਕੈਡਮੀਅਮ ਸਿਹਤ ਲਈ ਜ਼ਹਿਰੀਲਾ ਹੁੰਦਾ ਹੈ। ਇਸ ਵਿਧੀ ਦੀ ਵਰਤੋਂ ਨਾਲ ਕੈਡਮੀਅਮ ਦਾ ਪ੍ਰਭਾਵ ਜੜ੍ਹਾਂ ਤੱਕ ਹੀ ਸੀਮਿਤ ਰਹਿੰਦਾ ਹੈ। ਸਰ੍ਹੋਂ ਦੇ ਪੌਦੇ ਦੀਆਂ ਜੜ੍ਹਾਂ ਨਾ ਤਾਂ ਮਨੁੱਖ ਦੇ ਖਾਣ ਲਈ ਵਰਤੀਆਂ ਜਾਂਦੀਆਂ ਹਨ, ਨਾ ਹੀ ਪਸ਼ੂ ਖੁਰਾਕ ਲਈ।

ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਮਿੱਟੀ ਨੂੰ ਕੁਦਰਤੀ ਤਰੀਕੇ ਨਾਲ ਸਾਫ਼ ਕੀਤੇ ਜਾਣ ਪੱਖੋਂ ਵੀ ਇਸ ਵਿਧੀ ਦਾ ਵਿਸ਼ੇਸ਼ ਮਹੱਤਵ ਹੈ। ਇਹ ਵਿਧੀ ਟਿਕਾਊ ਅਤੇ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲੀ ਅਜਿਹੀ ਖੇਤੀਬਾੜੀ ਨੂੰ ਵੀ ਉਤਸਾਹਿਤ ਕਰਦੀ ਹੈ, ਜਿਥੇ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਇਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਸਾਇਣ ਮੁਕਤ ਖੇਤੀ ਦੇ ਵਧ ਰਹੇ ਮਹੱਤਵ ਵਾਲੇ ਦੌਰ ’ਚ ਅਜਿਹੀਆਂ ਖੋਜਾਂ ਦੀ ਆਪਣੀ ਵਿਸ਼ੇਸ਼ ਪ੍ਰਸੰਗਿਕਤਾ ਹੈ। ਇਸ ਦਿਸ਼ਾ ’ਚ ਹੋਰ ਵਧੇਰੇ ਖੋਜਾਂ ਹੋਣੀਆਂ ਚਾਹੀਦੀਆਂ ਹਨ।

Read More : ਐੱਮ. ਪੀ. ਗਾਂਧੀ ਵੱਲੋਂ ਪਟਿਆਲਾ ਤੋਂ ‘ਵੋਟ ਚੋਰ, ਗੱਦੀ ਛੋੜ’ ਦਸਤਖਤ ਮੁਹਿੰਮ ਦੀ ਸ਼ੁਰੂਆਤ

Leave a Reply

Your email address will not be published. Required fields are marked *