ਕੈਂਸਰ ਦੇ ਇਲਾਜ ’ਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਤੇ ਦੁਰਪ੍ਰਭਾਵ ਘਟਾਉਣ ਦੇ ਹੱਲ ਲੱਭੇ
ਸੰਸਾਰ ਪੱਧਰ ’ਤੇ 130 ਤੋਂ ਵਧੇਰੇ ਵਿਗਿਆਨੀਆਂ ਨੇ ਆਪਣੇ ਖੋਜ ਕਾਰਜਾਂ ’ਚ ਦਿੱਤਾ ਇਸ ਖੋਜ ਦਾ ਹਵਾਲਾ
ਪਟਿਆਲਾ, 15 ਜੂਨ :- ਪੰਜਾਬੀ ਯੂਨੀਵਰਸਿਟੀ ’ਚ ਹੋਈ ਇਕ ਖੋਜ ਰਾਹੀਂ ਕੈਂਸਰ ਦੇ ਇਲਾਜ’ਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਅਤੇ ਇਸ ਦੇ ਦੁਰਪ੍ਰਭਾਵਾਂ ਨੂੰ ਘਟਾਉਣ ਦੇ ਹੱਲ ਲੱਭੇ ਗਏ ਹਨ। ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਤੋਂ ਪ੍ਰੋ. ਓਮ ਸਿਲਾਕਾਰੀ ਦੀ ਨਿਗਰਾਨੀ ਹੇਠ ਆਈ. ਸੀ. ਐੱਮ. ਆਰ. ਦੇ ਸੀਨੀਅਰ ਰਿਸਰਚ ਫੈਲੋ ਅਤੇ ਪੀ-ਐੱਚ. ਡੀ. ਖੋਜਾਰਥੀ ਡਾ. ਬੱਡੀਪੈਡੀਗੇ ਰਾਜੂ ਨੇ ਇਕ ਡਰੱਗ-ਮੈਟਾਬੋਲਾਈਜ਼ਿੰਗ ਐਨਜ਼ਾਈਮਜ਼ (ਡੀ. ਐੱਮ. ਈ.) ਨਾਲ ਜੁੜੇ ਕੀਮੋ-ਰੋਧ ਨੂੰ ਸਮਝਣ ਅਤੇ ਇਸ ਦੇ ਹੱਲ ’ਤੇ ਮਹੱਤਵਪੂਰਨ ਖੋਜ ਕੀਤੀ ਹੈ।
ਸ ਖੋਜ ਦੇ ਨਤੀਜੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨ ਰਸਾਲਿਆਂ, ਜਿਵੇਂ ਏ. ਸੀ. ਐੱਸ. ਓਮੇਗਾ, ਆਰ. ਸੀ. ਐੱਸ. ਨਿਊ ਜਰਨਲ ਆਫ਼ ਕਮਿਸਟਰੀ, ਆਰ. ਸੀ. ਐੱਸ. ਅੈਡਵਾਂਸਡ ਆਦਿ ’ਚ ਪ੍ਰਕਾਸ਼ਿਤ ਹੋ ਚੁੱਕੇ ਹਨ। ਸੰਸਾਰ ਪੱਧਰ ’ਤੇ 130 ਤੋਂ ਵਧੇਰੇ ਵਿਗਿਆਨੀਆਂ ਨੇ ਆਪਣੇ ਖੋਜ ਕਾਰਜਾਂ ’ਚ ਇਸ ਖੋਜ ਦਾ ਹਵਾਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡਾ. ਰਾਜੂ ਇਸ ਸਮੇਂ ਭਾਰਤ ਦੀ ਵੱਕਾਰੀ ਸੰਸਥਾ ਇੰਸਟੀਚੂਟ ਆਫ਼ ਲਾਈਫ਼ ਸਾਇੰਸਜ਼, ਭੁਵਨੇਸ਼ਵਰ ਵਿਖੇ ਪ੍ਰਾਜੈਕਟ ਵਿਗਿਆਨੀ-2 ਵਜੋਂ ਕਾਰਜਸ਼ੀਲ ਹਨ।
ਡਾ. ਰਾਜੂ ਨੇ ਦੱਸਿਆ ਕਿ ਉਸ ਨੇ ਪੀ. 450 1.ਬੀ.1. (ਸੀ. ਵਾਈ. ਪੀ.1 ਬੀ.1) ਨਾਮਕ ਐਨਜ਼ਾਈਮ ਦੀ ਫਿਤਰਤ ਨੂੰ ਸਮਝਦਿਆਂ ਇਸ ਨਾਲ ਜੁੜੀ ਸਮੱਸਿਆ ਦੇ ਹੱਲ ਲੱਭਣ ’ਤੇ ਕੰਮ ਕੀਤਾ। ਉਸ ਨੇ ਦੱਸਿਆ ਕਿ ਇਹ ਐਨਜ਼ਾਈਮ ਕੀਮੋ-ਥੈਰੇਪੀ ਦੀ ਪ੍ਰਕਿਰਿਆ ’ਚ ਵਰਤੀਆਂ ਜਾਂਦੀਆਂ ਡਰੱਗਜ਼ ਡੋਸੀਟੈਕਸਲ ਅਤੇ ਪੈਸਲੀਟੈਕਸਲ, ਜੋ ਕਿ ਆਮ ਤੌਰ ’ਤੇ ਛਾਤੀ, ਫੇਫੜਿਆਂ ਅਤੇ ਬੱਚੇਦਾਨੀ ਦੇ ਕੈਂਸਰ ’ਚ ਕੀਮੋ-ਥੈਰੇਪੀ ਲਈ ਵਰਤੀਆਂ ਜਾਂਦੀਆਂ ਹਨ, ਦੇ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ। ਇਸ ਕਾਰਨ ਕੀਮੋਥੈਰੇਪੀ ਜ਼ਿਆਦਾ ਅਸਰਦਾਰ ਸਾਬਿਤ ਨਹੀਂ ਹੁੰਦੀ। ਇਸ ਸਥਿਤੀ ਦੇ ਹੱਲ ਲਈ ਇਸ ਐਨਜ਼ਾਈਮ ਦੇ ਪ੍ਰਭਾਵ ਨੂੰ ਘੱਟ ਕਰਨ ਵਾਸਤੇ ਇਨਹਿਬਟਰਜ਼ ਖੋਜੇ ਜਾਣ ਦੀ ਜ਼ਰੂਰਤ ਸੀ।
ਉਨ੍ਹਾਂ ਦੱਸਿਆ ਕਿ ਆਪਣੀ ਖੋਜ ਰਾਹੀਂ ਉਨ੍ਹਾਂ ਮਸ਼ੀਨ ਲਰਨਿੰਗ, ਮੌਲੀਕਿਊਲਰ ਡੌਕਿੰਗ, ਮੌਲੀਕਿਊਲਰ ਡਾਇਨਾਮਿਕਸ ਸਿਮੂਲੇਸ਼ਨਜ਼, 3-ਡੀ-ਕਿਊ. ਐੱਸ. ਏ. ਆਰ. ਮਾਡਲਿੰਗ, ਫ਼੍ਰੀ ਐਨਰਜੀ ਪਰਟੂਬੇਸ਼ਨ ਅਧਿਐੱਨ ਦੇ ਜ਼ਰੀਏ ਹੱਲ ਤੱਕ ਪਹੁੰਚਿਆ ਗਿਆ। ਉਨ੍ਹਾਂ ਆਪਣੇ ਪ੍ਰਯੋਗਾਂ ਰਾਹੀਂ ਲੱਭਿਆ ਕਿ ਕਲੋਰਪਰੋਥਿਕਸੀਨ, ਨੈਡੀਫਲੋਕਸੈਸਿਨ ਅਤੇ ਟਾਈਸੈਗਰੀਲਰ ਨਾਮਕ ਦਵਾਈਆਂ ਇਸ ਐਨਜ਼ਾਇਮ ਖਿਲਾਫ਼ ਅਸਰਦਾਰ ਸਾਬਿਤ ਹੁੰਦੀਆਂ ਹਨ। ਸਿੱਟੇ ਵਜੋਂ ਕੀਮੋਥੈਰੇਪੀ ਦੇ ਸਾਕਾਰਾਤਮਕ ਪ੍ਰਭਾਵ ਵਧ ਜਾਂਦੇ ਹਨ।
ਪ੍ਰੋ. ਓਮ ਸਿਲਾਕਾਰੀ ਨੇ ਦੱਸਿਆ ਕਿ ਕੀਮੋਥੈਰੇਪੀ ਦੇ ਅਸਰ ਨੂੰ ਘਟਾਉਣ ਵਾਲਾ ਕੀਮੋ-ਰੋਧ ਵਿਸ਼ਵ ਪੱਧਰ ’ਤੇ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਕੈਂਸਰ ਸੈੱਲਾਂ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਦਵਾਈਆਂ ਦੀ ਉਪਲੱਬਧਤਾ ਕਾਫ਼ੀ ਨਹੀਂ ਹੁੰਦੀ ਅਤੇ ਸਿੱਟੇ ਵਜੋਂ ਕੈਂਸਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਐਨਜ਼ਾਈਮ ਅਕਸਰ ਹੀ ਕੈਂਸਰ-ਰੋਕੂ ਦਵਾਈਆਂ ਨੂੰ ਅਕਿਰਿਆਸ਼ੀਲ ਕਰ ਦਿੰਦੇ ਹਨ। ਉਨ੍ਹਾਂ ਦੇ ਪ੍ਰਭਾਵ ਨੂੰ ਘਟਾ ਦਿੰਦੇ ਹਨ ਅਤੇ ਡਰੱਗ ਪ੍ਰਤੀਰੋਧ ਵਾਲੀ ਸਥਿਤੀ ਵੱਲ ਲੈ ਜਾਂਦੇ ਹਨ, ਜਿੱਥੇ ਦਵਾਈ ਆਪਣਾ ਕੰਮ ਨਹੀਂ ਕਰਦੀ। ਇਸ ਸਥਿਤੀ ਦੇ ਹੱਲ ਲਈ ਇਨ੍ਹਾਂ ਡਰੱਗਜ਼ ਨੂੰ ਅਜਿਹੇ ਇਨਹਿਬਟਰਜ਼ ਦੇ ਸੁਮੇਲ ਨਾਲ ਵਰਤਣਾ ਕਾਰਗਰ ਸਾਬਿਤ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਚੁਣੌਤੀ ਨੂੰ ਹੱਲ ਕਰਨ ਦੀ ਤੁਰੰਤ ਲੋੜ ਨੂੰ ਪਛਾਣਦੇ ਹੋਏ, ਡਾ. ਰਾਜੂ ਦੀ ਖੋਜ ਕੈਂਸਰ-ਰੋਧਕ ਡਰੱਗ ਇਨਐਕਟੀਵੇਸ਼ਨ ਅਤੇ ਪ੍ਰਤੀਰੋਧ ’ਚ ਸ਼ਾਮਲ ਸੀ. ਵਾਈ. ਪੀ.1 ਬੀ.1 ਨੂੰ ਨਿਸ਼ਾਨਾ ਬਣਾਉਂਦੇ ਹੋਏ ਨਵੇਂ ਹੱਲ ਲੱਭਣ ’ਤੇ ਕੇਂਦ੍ਰਿਤ ਸੀ। ਉਨ੍ਹਾਂ ਦੱਸਿਆ ਕਿ ਹਾਲਾਂਕਿ ਕਈ ਕੈਂਸਰ-ਰੋਕੂ ਦਵਾਈਆਂ ਅਜਿਹੇ ਪ੍ਰਤੀਰੋਧ ਦਾ ਸਾਹਮਣਾ ਕਰਦੀਆਂ ਹਨ ਪਰ ਉਨ੍ਹਾਂ ਆਪਣੇ ਇਸ ਅਧਿਐੱਨ ਲਈ ਖਾਸ ਤੌਰ ’ਤੇ ਡੌਸੀਟੈਕਸਲ ਅਤੇ ਪੈਸਲੀਟੈਕਸਲ ਨਾਮਕ ਦਵਾਈਆਂ ਦੀ ਚੋਣ ਕੀਤੀ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਨ੍ਹਾਂ ਦਵਾਈਆਂ ਦੀ ਅਕਿਰਿਆਸ਼ੀਲਤਾ ਅਤੇ ਪ੍ਰਤੀਰੋਧ ਲਈ ਜ਼ਿੰਮੇਵਾਰ ਐਨਜ਼ਾਈਮ ਦੀ ਪਛਾਣ ਕਰਨ ਲਈ ਨੈੱਟਵਰਕ ਫਾਰਮਾਕੋਲੋਜੀ ਅਧਿਐਨ ਕੀਤੇ ਗਏ।
ਇਸ ਸਬੰਧੀ ਬਹੁਤ ਸਾਰੇ ਅੰਕੜੇ ਜੁਟਾ ਕੇ ਉਨ੍ਹਾਂ ਦਾ ਔਨਲਾਈਨ ਟੂਲਜ਼ ਨਾਲ ਵਿਸ਼ਲੇਸ਼ਣ ਕੀਤਾ ਗਿਆ। ਅਧਿਐੱਨ ਦੌਰਾਨ ਇਨਿਹਿਬਟਰਜ਼ ਵਜੋਂ ਕੰਮ ਕਰ ਸਕਣ ਵਾਲੀਆਂ ਦਵਾਈਆਂ ਕਲੋਰਪਰੋਥਿਕਸੀਨ, ਨੈਡੀਫਲੌਕਸੈਸਿਨ ਅਤੇ ਟਾਈਸੈਗਰੀਲਰ ਦੀ ਪਛਾਣ ਕੀਤੀ ਗਈ। ਇਨਿਹਿਬਟਰਜ਼ ਵਜੋਂ ਇਹ ਦਵਾਈਆਂ ਨੂੰ ਕੀਮੋ-ਥੈਰੇਪੀ ਦੇ ਨਾਲ ਸਹਿ-ਇਲਾਜ ਵਜੋਂ ਦੇਣ ਨਾਲ ਦਵਾਈ ਪ੍ਰਤੀ ਕੈਂਸਰ ਸੈੱਲਾਂ ਦੀ ਸੰਵੇਦਨਸ਼ੀਲਤਾ ਕਾਫ਼ੀ ਵਧ ਜਾਂਦੀ ਹੈ, ਜਿਸ ਨਾਲ਼ ਬਿਹਤਰ ਨਤੀਜੇ ਵੇਖੇ ਗਏ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਉਸ ਦੇ ਨਿਗਰਾਨ ਨੂੰ ਇਸ ਮਿਆਰੀ ਖੋਜ ਬਾਰੇ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਭਰਪੂਰ ਸ਼ਲਾਘਾ ਕੀਤੀ।
Read More : ਮੋਬਾਈਲ ਵਿੰਗ ਦੀ ਟੈਕਸ ਚੋਰੀ ’ਤੇ ਸਖ਼ਤ ਕਾਰਵਾਈ