Finance Minister Cheema

ਨਕਾਰੇ ਗਏ ਆਗੂ ਦੇਖ ਰਹੇ ਮੁੜ ਸੱਤਾ ਵਾਪਸੀ ਦੇ ਸੁਪਨੇ : ਵਿੱਤ ਮੰਤਰੀ ਚੀਮਾ

ਕਿਹਾ-ਕੈਪਟਨ ਨੇ ਕਾਂਗਰਸ ਨਾਲੋਂ ਭਾਜਪਾ ਦੇ ਮੁੱਖ ਮੰਤਰੀ ਵਜੋਂ ਜ਼ਿਆਦਾ ਕੰਮ

ਚੰਡੀਗੜ੍ਹ, 1 ਦਸੰਬਰ : ਆਮ ਆਦਮੀ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ਸੂਬੇ ਦੇ ਸਰੋਤਾਂ ਨੂੰ ਲੁੱਟਣ ਦੀ ਦੋ ਦਹਾਕਿਆਂ ਤੋਂ ਚੱਲ ਰਹੀ ਸਾਜ਼ਿਸ਼ ਲਈ ਜ਼ਿੰਮੇਵਾਰ ਠਹਿਰਾਇਆ।

ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਗਏ ਆਗੂ ਕੈਪਟਨ ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ ਮਾਨ ਤੇ ਸੁਖਬੀਰ ਸਿੰਘ ਬਾਦਲ ਇਕ ਵਾਰ ਫਿਰ ਸੱਤਾ ਵਾਪਸੀ ਦੇ ਸੁਪਨੇ ਦੇਖ ਰਹੇ ਹਨ। ਪੰਜਾਬ ਹੁਣ ਇਨ੍ਹਾਂ ਦੋ ਪਰਿਵਾਰਾਂ ਦੀ ਲੁੱਟ ਦੀ ਰਾਜਨੀਤੀ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ।

ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਨੇ ਵਾਰੀ-ਵਾਰੀ ਸੱਤਾ ਸੰਭਾਲੀ, ਯੋਜਨਾਬੱਧ ਢੰਗ ਨਾਲ ਆਪਣੀਆਂ ਜੇਬਾਂ ਭਰੀਆਂ ਤੇ ਇਕ ਦੂਜੇ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਇਆ। 2002-2007 ਦੀ ਕੈਪਟਨ ਸਰਕਾਰ ਦੌਰਾਨ ਬਾਦਲ ਪਰਿਵਾਰ ਵਿਰੁੱਧ ਲਗਭਗ 4000 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਨਾਲ ਸਬੰਧਤ ਕੇਸ ਦਰਜ ਕੀਤੇ ਗਏ ਸਨ। ਹਾਲਾਂਕਿ ਕੈਪਟਨ ਨੇ ਜਾਣ-ਬੁੱਝ ਕੇ ਇਨ੍ਹਾਂ ਕੇਸਾਂ ਦੀ ਕਾਰਵਾਈ ’ਚ ਦੇਰੀ ਕੀਤੀ। ਜਦੋਂ 2007 ’ਚ ਅਕਾਲੀ-ਭਾਜਪਾ ਸਰਕਾਰ ਆਈ ਤਾਂ ਸਾਰੇ ਕੇਸ ਤੁਰੰਤ ਖ਼ਾਰਜ ਕਰ ਦਿੱਤੇ ਗਏ। ਇਹ ਕੋਈ ਇਤਫ਼ਾਕ ਨਹੀਂ ਸੀ; ਇਹ ਬਾਦਲ ਤੇ ਕੈਪਟਨ ਪਰਿਵਾਰਾਂ ਵਿਚਕਾਰ ਇਕ ਦੂਜੇ ਨੂੰ ਸੁਰੱਖਿਅਤ ਰੱਖਣ ਤੇ ਸੂਬੇ ਦੀ ਲੁੱਟ ਨੂੰ ਆਸਾਨ ਬਣਾਉਣ ਲਈ ਡੂੰਘਾ, ਲੁਕਵਾਂ ਸਮਝੌਤਾ ਸੀ।

ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥ ’ਚ ਫੜ ਕੇ ਨਸ਼ੇ ਖ਼ਤਮ ਕਰਨ ਦਾ ਝੂਠਾ ਵਾਅਦਾ ਕੀਤਾ ਸੀ। ਕੈਪਟਨ ਨੇ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨਾਂ ਦੀ ਵਰਤੋਂ ਸਿਰਫ਼ ਪੰਚਾਇਤੀ ਚੋਣਾਂ ’ਚ ਸਿਆਸੀ ਲਾਹਾ ਲੈਣ ਲਈ ਕੀਤੀ, ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਕਰਨ ’ਚ ਅਸਫਲ ਰਹੇ।

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਲ-ਬਦਲੀ ਦਾ ਮਾਸਟਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 2017-2022 ਦੇ ਕਾਰਜਕਾਲ ਦੌਰਾਨ ਕੈਪਟਨ ਨੇ ਕਾਂਗਰਸ ਨਾਲੋਂ ਭਾਜਪਾ ਦੇ ਮੁੱਖ ਮੰਤਰੀ ਵਜੋਂ ਜ਼ਿਆਦਾ ਕੰਮ ਕੀਤਾ।

ਉਨ੍ਹਾਂ ਕਿਹਾ ਕਿ ਇਹ ਲੋਕ ਸੋਚਦੇ ਹਨ ਕਿ ਪੰਜਾਬੀ ਉਨ੍ਹਾਂ ਦੀਆਂ ਧੋਖੇਬਾਜ਼ ਚਾਲਾਂ ਨੂੰ ਭੁੱਲ ਗਏ ਹਨ ਪਰ ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਪੰਜਾਬੀ 20 ਸਾਲ ਬਾਅਦ ਵੀ ਬਦਲਾ ਲੈਂਦੇ ਹਨ। ਲੋਕ ਕਦੇ ਨਹੀਂ ਭੁੱਲਣਗੇ ਕਿ ਕਿਵੇਂ ਇਨ੍ਹਾਂ ਆਗੂਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਗੁੰਝਲਦਾਰ ਸਾਜ਼ਿਸ਼ਾਂ ਚਲਾਈਆਂ, ਕਿਵੇਂ ਉਨ੍ਹਾਂ ਨੇ ਸੂਬੇ ਦੀ ਦੌਲਤ ਨੂੰ ਲੁੱਟਿਆ ਤੇ ਕਿਵੇਂ ਪਵਿੱਤਰ ਪੰਥਕ ਅਹੁਦਿਆਂ ਉੱਤੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਫਿਰ ਸੁਖਬੀਰ ਸਿੰਘ ਬਾਦਲ ਦੁਆਰਾ ਆਪਣੇ ਚਹੇਤੇ ਥਾਪੇ ਗਏ।

Read More : ਸ਼੍ਰੀਗੰਗਾਨਗਰ ਤੋਂ ਪੰਜਾਬ ਨਿਵਾਸੀ ਆਈ.ਐੱਸ.ਆਈ. ਜਾਸੂਸ ਗ੍ਰਿਫਤਾਰ

Leave a Reply

Your email address will not be published. Required fields are marked *