Sri Kali Mata Temple

2 ਮਹੀਨਿਆਂ ’ਚ ਪੁੱਜੇਗਾ ਸ਼੍ਰੀ ਕਾਲੀ ਮਾਤਾ ਮੰਦਰ ਦੇ ਸਰੋਵਰ ’ਚ ਤਾਜ਼ਾ ਜਲ

ਮੰਤਰੀ ਮੁੰਡੀਆਂ, ਬਲਬੀਰ ਅਤੇ ਕੋਹਲੀ ਨੇ ਕਰਵਾਈ ਸੇਵਾ ਦੀ ਸ਼ੁਰੂਆਤ

– 70 ਲੱਖ ਰੁਪਏ ਦੀ ਲਾਗਤ ਨਾਲ ਵਿਛਾਈ ਜਾਵੇਗੀ ਨਵੀਂ ਪਾਈਪਲਾਈਨ

ਪਟਿਆਲਾ, 17 ਜੂਨ :- ਪੰਜਾਬ ਦੇ ਕੈਬਨਿਟ ਮੰਤਰੀਆਂ ਹਰਦੀਪ ਸਿੰਘ ਮੁੰਡੀਆਂ ਅਤੇ ਡਾ. ਬਲਬੀਰ ਸਿੰਘ ਸਮੇਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਦੇ ਪੁਰਾਤਨ ਤੇ ਇਤਿਹਾਸਕ ਮੰਦਰ ਮਾਤਾ ਸ਼੍ਰੀ ਕਾਲੀ ਦੇਵੀ ਦੇ ਪਵਿੱਤਰ ਸਰੋਵਰ ’ਚ ਕਰੀਬ 30 ਸਾਲਾਂ ਬਾਅਦ ਤਾਜ਼ਾ ਜਲ ਭਰਨ ਲਈ 70 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਦੋਵਾਂ ਮੰਤਰੀਆਂ ਅਤੇ ਵਿਧਾਇਕ ਨੇ ਐਲਾਨ ਕੀਤਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਦਹਾਇਕਾਂ ਤੋਂ ਅੱਖੋਂ-ਪਰੋਖੇ ਕੀਤੇ ਗਏ ਪਵਿੱਤਰ ਸਰੋਵਰ ’ਚ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਤਾਜ਼ਾ ਜਲ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਮੰਦਰ ਦੀ ਕਾਇਆ-ਕਲਪ ਕਰ ਕੇ ਇਸ ਦੇ ਚੌਗਿਰਦੇ ਨੂੰ ਸੰਵਾਰਨ ਸਮੇਤ ਮੰਦਰ ਦੁਆਲੇ ਹੈਰੀਟੇਜ ਸਟਰੀਟ ਵੀ ਬਣਾਈ ਜਾਵੇਗੀ। ਇਹ ਇਕ ਨਵੀਂ ਪਾਈਪਲਾਈਨ ਹੀ ਨਹੀਂ ਹੈ, ਸਗੋਂ ਲੋਕਾਂ ਦੇ ਵਿਸ਼ਵਾਸ ਤੇ ਭਰੋਸੇ ਨੂੰ ਵੀ ਨਵੀਂ ਰਾਹ ਮਿਲ ਰਹੀ ਹੈ, ਇਸ ਨਾਲ ਸ਼ਰਧਾਲੂਆਂ ਦੀ ਆਸਥਾ ਹੋਰ ਮਜ਼ਬੂਤ ਹੋਵੇਗੀ। ਸ਼ਰਧਾਲੂਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਵੀ ਅੱਜ ਪੂਰੀ ਹੋ ਰਹੀ ਹੈ।

ਪੂਰੀ ਮਰਿਆਦਾ ਨਾਲ ਪੂਜਾ-ਅਰਚਨਾ ਕਰਨ ਉਪਰੰਤ ਨਾਰੀਅਲ ਤੋੜ ਕੇ ਕੰਮ ਦੀ ਸ਼ੁਰੂਆਤ ਕਰਵਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੇ ਮਹੀਨੇ ਮੰਦਰ ਮਾਤਾ ਸ਼੍ਰੀ ਕਾਲੀ ਦੇਵੀ ਦੀ ਕਾਇਆ-ਕਲਪ ਕਰਨ ਦੇ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਪੂਰੀ ਸ਼ਰਧਾ ਭਾਵ ਨਾਲ ਮੁਕੰਮਲ ਕਰਵਾਏਗੀ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੰਦਰ ਦੀ ਆਸਥਾ ਪਟਿਆਲਾ ਸਮੇਤ ਪੰਜਾਬ ਤੇ ਦੇਸ਼-ਵਿਦੇਸ਼ ’ਚ ਵੱਸਦੇ ਭਾਰਤੀਆਂ ਦੇ ਮਨਾਂ ’ਚ ਹੈ ਪਰ ਸ਼ਰਧਾਲੂ ਇਸ ਦੇ ਸਰੋਵਰ ਤੇ ਚੌਗਿਰਦੇ ਦੇ ਸੁੰਦਰੀਕਰਨ ਦੀ ਮੰਗ ਕਰਦੇ ਸਨ, ਜਿਸ ਨੂੰ ਪੰਜਾਬ ਸਰਕਾਰ ਨੇ ਪੂਰਾ ਕਰਨ ਦਾ ਕੰਮ ਸ਼ੁਰੂ ਕੀਤਾ ਹੈ।

ਵਿਧਾਇਕ ਅਜੀਤਪਾਲ ਕੋਹਲੀ ਨੇ ਆਖਿਆ ਕਿ ਪੰਜਾਬ ਸਰਕਾਰ ਮੰਦਰ ਮਾਤਾ ਸ਼੍ਰੀ ਕਾਲੀ ਦੇਵੀ ਦੇ ਨਵੀਨੀਕਰਨ ਦੇ ਪ੍ਰਾਜੈਕਟ ਨੂੰ ਮੰਦਰ ਦੀ ਪਵਿੱਤਰਤਾ ਬਰਕਰਾਰ ਰੱਖਦੇ ਹੋਏ ਸ਼ਰਧਾ ਤੇ ਸੇਵਾ ਭਾਵ ਤੇ ਪੂਰੀ ਮਰਿਆਦਾ ਨਾਲ ਮਿੱਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਵਾਏਗੀ। ਕਰੀਬ 1 ਕਿਲੋਮੀਟਰ ਲੰਬੀ ਪਾਈਪਲਾਈਨ ਪਾ ਕੇ 70 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਪਾਈ ਜਾਵੇਗੀ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਸਮੇਤ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋ ਕੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਵੀ ਕੀਤੀ।

ਇਸ ਮੌਕੇ ਵੱਡੀ ਗਿਣਤੀ ਦੂਰੋਂ-ਦੂਰੋਂ ਆਏ ਸ਼ਰਧਾਲੂ, ਕੌਂਸਲਰ, ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ. ਡੀ. ਸੀ. ਈਸ਼ਾ ਸਿੰਗਲ, ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਸਮੇਤ ਹੋਰ ਪਤਵੰਤੇ ਮੌਜੂਦ ਸਨ।

Read More : ਜ਼ਮੀਨੀ ਵਿਵਾਦ ਨੇ ਲਈ 17 ਸਾਲਾ ਨੌਜਵਾਨ ਦੀ ਜਾਨ

Leave a Reply

Your email address will not be published. Required fields are marked *