ਭਾਜਪਾ ਵਰਕਰਾਂ ਨੂੰ ਨਿਰਾਸ਼ ਨਾ ਹੋਣ ਅਤੇ ਜ਼ਮੀਨੀ ਪੱਧਰ ’ਤੇ ਕੰਮ ਜਾਰੀ ਰੱਖਣ ਦੀ ਕੀਤੀ ਅਪੀਲ
ਲੁਧਿਆਣਾ, 23 ਜੂਨ : ਰੇਲਵੇ, ਖਾਦ ਪ੍ਰੋਸੈਸਿੰਗ ਮਾਮਲਿਆਂ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਲੁਧਿਆਣਾ ਪੱਛਮੀ ਉਪ ਚੋਣ ’ਚ ਭਾਜਪਾ ਦੀ ਹਾਰ ਦੀ ਜ਼ਿੰਮੇਦਾਰੀ ਲਈ, ਜਦਕਿ ਪਾਰਟੀ ਉਮੀਦਵਾਰ ਜੀਵਨ ਗੁਪਤਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਖ਼ਤ ਮੁਕਾਬਲਾ ਕੀਤਾ ਅਤੇ 20,000 ਤੋਂ ਵੱਧ ਵੋਟਾਂ ਹਾਸਲ ਕੀਤੀਆਂ।
ਬਿੱਟੂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਅਰੋੜਾ ਆਪਣੇ ਚੋਣਾਵੀਂ ਵਾਅਦੇ ਨੂੰ ਨਿਭਾਉਣਗੇ। ਬਿੱਟੂ ਨੇ ਸਵੀਕਾਰ ਕੀਤਾ ਕਿ ਭਾਜਪਾ ਉਮੀਦਵਾਰ ਐਲਾਨਣ ’ਚ ਹੋਈ ਦੇਰੀ ਪਾਰਟੀ ਦੀ ਹਾਰ ਦਾ ਇਕ ਪ੍ਰਮੁੱਖ ਕਾਰਨ ਰਹੀ।
ਉਨ੍ਹਾਂ ਕਿਹਾ ਕਿ ਜੀਵਨ ਗੁਪਤਾ ਦੀ ਟਿਕਟ ਦੇਰ ਨਾਲ ਐਲਾਨ ਹੋਈ, ਕਿਉਂਕਿ ਪਾਰਟੀ ਹਾਈ ਕਮਾਨ ‘ਅਾਪ੍ਰੇਸ਼ਨ ਸਿੰਧੂਰ’ ਮੁਹਿੰਮ ਵਿਚ ਰੁੱਝੀ ਹੋਈ ਸੀ। ਇਸ ਨਾਲ ਸਾਡੀ ਪ੍ਰਚਾਰ ਯੋਜਨਾ ’ਤੇ ਅਸਰ ਪਿਆ। ਬਿੱਟੂ ਨੇ ਇਹ ਵੀ ਕਿਹਾ ਕਿ ਸਿਰਫ 51 ਫੀਸਦੀ ਵੋਟਾਂ ਤੋਂ ਇਹ ਸਾਫ ਹੁੰਦਾ ਹੈ ਕਿ ਜਨਤਾ ਦੀ ਦਿਲਚਸਪੀ ਘੱਟ ਸੀ, ਖਾਸ ਕਰ ਕੇ ਸੱਤਾਧੱਰੀ ਪਾਰਟੀ ਨੂੰ ਲੈ ਕੇ।
ਉਨ੍ਹਾਂ ਕਿਹਾ ਕਿ ਲਗਭਗ 90,000 ਪਈਆਂ ਵੋਟਾਂ ’ਚੋਂ ‘ਆਪ’ ਉਮੀਦਵਾਰ ਨੂੰ ਸਿਰਫ 35,000 ਵੋਟਾਂ ਮਿਲੀਆਂ। ਇਹ ਦਰਸਾਉਂਦਾ ਹੈ ਕਿ ਇਸ ਖੇਤਰ ’ਚ ‘ਆਪ’ ਦੇ ਖਿਲਾਫ ਮਾਹੌਲ ਉਨ੍ਹਾਂ ਨੂੰ ਮਿਲੀ ਜਿੱਤ ਤੋਂ ਕਿਤੇ ਜ਼ਿਆਦਾ ਹੈ। ਭਾਜਪਾ ਦੇ ਪ੍ਰਦਰਸ਼ਨ ਨੂੰ ਉਤਸ਼ਾਹਜਨਕ ਬਣਾਉਂਦੇ ਹੋਏ ਬਿੱਟੂ ਨੇ ਕਿਹਾ ਕਿ ਇਸ ਉਪ ਚੋਣ ਦੇ ਨਤੀਜਿਆਂ ਨੂੰ ਪਾਰਟੀ ਲਈ ਝਟਕਾ ਨਹੀਂ ਮੰਨਣਾ ਚਾਹੀਦਾ। ਇਹ ਭਾਜਪਾ ਦੀ ਹਾਰ ਨਹੀਂ ਹੈ।
2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਨੂੰ ਪੂਰਾ ਵਿਸਵਾਸ਼ ਹੈ ਕਿ ਅਸੀਂ ਇਹ ਸੀਟ ਵੱਡੇ ਅੰਤਰ ਨਾਲ ਜਿੱਤਾਂਗੇ। ਕੇਂਦਰੀ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਨਿਰਾਸ਼ ਨਾ ਹੋਣ ਅਤੇ ਜ਼ਮੀਨੀ ਪੱਧਰ ’ਤੇ ਕੰਮ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਸਾਨੂੰ 2027 ਵਿਚ ਇਕ ਹੋਰ ਮੌਕਾ ਮਿਲੇਗਾ ਅਤੇ ਅਸੀਂ ਹੋਰ ਮਜ਼ਬੂਤੀ ਨਾਲ ਮੁੜਾਂਗੇ।
Read More : ਹਾਰ ਤੋਂ ਬਾਅਦ ਆਸ਼ੂ ਨੇ ਸੂਬਾ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ