ਰੈਪਰ ਬਾਦਸ਼ਾਹ

ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਰੈਪਰ ਬਾਦਸ਼ਾਹ

‘ਟੇਟੀਰੀ’ ਗੀਤ ਦੇ ਵਿਵਾਦਤ ਬੋਲਾਂ ‘ਤੇ ਮਿਲੇ ਸੰਮਨ; ਚੇਅਰਪਰਸਨ ਨੇ ਦਿੱਤੀ ਚਿਤਾਵਨੀ

ਪਾਣੀਪਤ, 13 ਮਾਰਚ : ਮਸ਼ਹੂਰ ਬਾਲੀਵੁੱਡ ਗਾਇਕ ਅਤੇ ਰੈਪਰ ਬਾਦਸ਼ਾਹ ਸ਼ੁੱਕਰਵਾਰ ਨੂੰ ਹਰਿਆਣਾ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਵਿਚ ਅਸਫਲ ਰਹੇ। ਉਨ੍ਹਾਂ ਦੇ ਵਕੀਲਾਂ ਨੇ ਕਮਿਸ਼ਨ ਨੂੰ ਦੱਸਿਆ ਕਿ ਪੇਸ਼ੇਵਰ ਰੁਝੇਵਿਆਂ ਕਾਰਨ ਬਾਦਸ਼ਾਹ ਪੇਸ਼ ਨਹੀਂ ਹੋ ਸਕੇ ਅਤੇ ਉਨ੍ਹਾਂ ਨੇ ਹੋਰ ਸਮਾਂ ਮੰਗਿਆ ਹੈ।

ਇਸ ‘ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਾਦਸ਼ਾਹ ਦੁਪਹਿਰ 3 ਵਜੇ ਤੱਕ ਪੇਸ਼ ਨਾ ਹੋਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕੀ ਹੈ ਮਾਮਲਾ?

ਮਹਿਲਾ ਕਮਿਸ਼ਨ ਨੇ 6 ਮਾਰਚ ਨੂੰ ਬਾਦਸ਼ਾਹ ਨੂੰ ਨੋਟਿਸ ਭੇਜ ਕੇ ਪਾਣੀਪਤ ਦਫ਼ਤਰ ਵਿੱਚ ਤਲਬ ਕੀਤਾ ਸੀ। ਇਹ ਮਾਮਲਾ ਉਨ੍ਹਾਂ ਦੇ ਨਵੇਂ ਗੀਤ “ਟੇਟੀਰੀ” ਵਿੱਚ ਕੁੜੀਆਂ ਬਾਰੇ ਵਰਤੇ ਗਏ ਇਤਰਾਜ਼ਯੋਗ ਬੋਲਾਂ ਅਤੇ ਦ੍ਰਿਸ਼ਾਂ ਨਾਲ ਸਬੰਧਤ ਹੈ। ਬਾਦਸ਼ਾਹ ਦੇ ਵਕੀਲ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ।

ਗੀਤ ‘ਤੇ ਲੱਗੀ ਪਾਬੰਦੀ

1 ਮਾਰਚ, 2026 ਨੂੰ ਰਿਲੀਜ਼ ਹੋਏ ਇਸ ਗੀਤ ਦਾ ਮਹਿਲਾ ਕਮਿਸ਼ਨ ਅਤੇ ਕਈ ਸਮਾਜਿਕ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਪੰਚਕੂਲਾ ਪੁਲਿਸ ਨੇ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਸੀ।

ਬਾਦਸ਼ਾਹ ਨੇ ਮੰਗੀ ਮੁਆਫ਼ੀ

ਵਿਵਾਦ ਵਧਦਾ ਦੇਖ ਬਾਦਸ਼ਾਹ ਨੇ ਇੱਕ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗਦਿਆਂ ਕਿਹਾ ਕਿ ਮੇਰੇ ਗੀਤ ‘ਟੇਟੀਰੀ’ ਦੇ ਕੁਝ ਬੋਲਾਂ ਅਤੇ ਦ੍ਰਿਸ਼ਾਂ ਨੇ ਹਰਿਆਣਾ ਦੇ ਲੋਕਾਂ ਨੂੰ ਨਾਰਾਜ਼ ਕੀਤਾ ਹੈ। ਮੈਂ ਖ਼ੁਦ ਹਰਿਆਣਾ ਤੋਂ ਹਾਂ, ਕਿਰਪਾ ਕਰਕੇ ਮੈਨੂੰ ਹਰਿਆਣਾ ਦਾ ਪੁੱਤਰ ਸਮਝ ਕੇ ਮਾਫ਼ ਕਰ ਦਿਓ।

Read More : ਹਰਿਆਣਾ ‘ਚ ਤੇਲ ਤੇ ਗੈਸ ਦੀ ਸਪਲਾਈ ਆਮ; ਅਫ਼ਵਾਹਾਂ ਤੋਂ ਬਚੋ : ਨਾਇਬ ਸੈਣੀ

Leave a Reply

Your email address will not be published. Required fields are marked *