ਦੋ ਵਿਰੁੱਧ ਮਾਮਲਾ ਦਰਜ
ਮਲੋਟ, 4 ਅਗਸਤ : ਲਿਫਟ ਦੇਣ ਦੇ ਝਾਂਸੇ ਵਿਚ ਇਕ ਔਰਤ ਨੂੰ ਗੱਡੀ ਵਿਚ ਬਿਠਾ ਕੇ ਰਸਤੇ ਵਿਚ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਮਲੋਟ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਔਰਤ ਨੇ ਦੱਸਿਆ ਕਿ ਉਹ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਰੋਟੀ ਬਣਾਉਣ ਦਾ ਕੰਮ ਕਰਦੀ ਹੈ।
29 ਜੁਲਾਈ ਨੂੰ ਪੀੜਤਾ ਨੇ ਦਿਹਾੜੀਦਾਰਾਂ ਦੀ ਪੂਰੀ ਟੀਮ ਨਾਲ ਮਿਲ ਕੇ ਗੰਗਾਨਗਰ ਜਾਣਾ ਸੀ। ਉਹ ਰਾਤ ਨੂੰ 9 ਵਜੇ ਕਬਰਵਾਲਾ ਤੋਂ ਚੱਲ ਕੇ ਦਾਨੇਵਾਲਾ ਚੌਂਕ ਵਿਚ ਪੁੱਜੀ ਜਿਥੋਂ ਉਸ ਨੇ ਬਾਕੀ ਦਿਹਾੜੀਦਾਰਾਂ ਕੋਲ ਭਾਈ ਕਾ ਕੇਰਾ ਜਾਣਾ ਸੀ। ਉਹ ਸਵਾਰੀ ਦੀ ਉਡੀਕ ਕਰ ਰਹੀ ਸੀ ਕਿ ਕਾਰਜ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਇਕ ਨਾਮਾਲੂਮ ਵਿਅਕਤੀ ਮਹਿੰਦਰਾ ਪਿੱਕਅਪ ’ਤੇ ਉਸ ਕੋਲ ਆ ਕੇ ਰੁਕੇ। ਉਹ ਕਾਰਜ ਸਿੰਘ ਨੂੰ ਜਾਣਦੀ ਸੀ। ਇਸ ਲਈ ਜਦੋਂ ਉਸ ਨੇ ਖੜੇ ਹੋਣ ਦਾ ਕਾਰਨ ਪੁੱਛਿਆ ਤਾਂ ਪੀੜਤ ਮਹਿਲਾ ਨੇ ਦੱਸਿਆ ਕਿ ਉਸਨੇ ਭਾਈ ਕਾ ਕੇਰਾ ਜਾਣਾ ਹੈ ਅਤੇ ਕਿਸੇ ਸਵਾਰੀ ਦੀ ਉਡੀਕ ਕਰ ਰਹੀ ਹੈ।
ਇਸ ’ਤੇ ਕਾਰਜ ਸਿੰਘ ਅਤੇ ਉਸ ਦੇ ਸਾਥੀ ਨੇ ਕਿਹਾ ਅਸੀਂ ਤੈਨੂੰ ਭਾਈ ਕਾ ਕੇਰਾ ਉਤਾਰ ਦਿਆਂਗੇ। ਉਹ ਵਿਸ਼ਵਾਸ਼ ਕਰਕੇ ਬੈਠ ਗਈ। ਗੱਡੀ ਨੂੰ ਨਾਮਾਲੂਮ ਵਿਅਕਤੀ ਚਲਾ ਰਿਹਾ ਸੀ ਜਦ ਕਿ ਕਾਰਜ ਸਿੰਘ ਕੰਡਕਟਰ ਸੀਟ ’ਤੇ ਬੈਠਾ ਸੀ। ਜਦੋਂ ਡਿਫੈਂਸ ਰੋਡ ’ਤੇ ਛਾਪਿਆਂਵਾਲੀ ਕੋਲ ਪੁੱਜੇ ਤਾਂ ਚਾਲਕ ਨੇ ਗਲਤ ਸਾਈਡ ’ਤੇ ਗੱਡੀ ਰੋਕ ਲਈ।
ਉਸ ਨੂੰ ਜਬਰੀ ਗੱਡੀ ਵਿਚੋਂ ਬਾਹਰ ਉਤਾਰ ਲਿਆ। ਕਾਰਜ ਸਿੰਘ ਵੀ ਗੱਡੀ ਵਿਚੋਂ ਉਤਰ ਆਇਆ। ਦੋਹਾਂ ਨੇ ਉਸ ਦੀ ਮਾਰਕੁੱਟ ਕੀਤੀ। ਜਬਰੀ ਕੱਪੜੇ ਪਾੜ ਦਿੱਤੇ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਮਾਮਲੇ ’ਤੇ ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਸਿਟੀ ਮਲੋਟ ਪੁਲਸ ਨੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
Read More : ਸੂਬੇ ’ਚ ਹੋਣਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ : ਈਟੀਓ