ਅਦਾਲਤ ਨੇ ਪੁਲਿਸ ਦਾ ਹੋਰ ਰਿਮਾਂਡ ਲੈਣ ਦਾ ਦਾਅਵਾ ਕੀਤਾ ਰੱਦ, ਜੁਡੀਸ਼ੀਅਲ ਕਸਟਡੀ ਦੇ ਹੁਕਮ
ਅੰਮ੍ਰਿਤਸਰ, 1 ਅਪ੍ਰੈਲ : ਵੇਅਰਹਾਊਸ ਦੇ ਡੀ.ਐੱਮ. ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮਾਨਯੋਗ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਭੁੱਲਰ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ (ਨਿਆਂਇਕ ਹਿਰਾਸਤ) ਵਿੱਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ ਹਨ।
ਜਾਣਕਾਰੀ ਮੁਤਾਬਕ ਲਾਲਜੀਤ ਸਿੰਘ ਭੁੱਲਰ ਪਹਿਲਾਂ 5 ਦਿਨ ਅਤੇ ਫਿਰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਸਨ। ਅੱਜ 8 ਦਿਨਾਂ ਦਾ ਰਿਮਾਂਡ ਖ਼ਤਮ ਹੋਣ ‘ਤੇ ਅੰਮ੍ਰਿਤਸਰ ਪੁਲਿਸ ਨੇ ਜਾਂਚ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਮੁੜ 3 ਦਿਨਾਂ ਦੇ ਵਾਧੂ ਰਿਮਾਂਡ ਦੀ ਮੰਗ ਕੀਤੀ ਸੀ। ਪੁਲਿਸ ਦਾ ਕਹਿਣਾ ਸੀ ਕਿ ਅਜੇ ਕੁਝ ਹੋਰ ਪੱਖਾਂ ਦੀ ਪੜਤਾਲ ਬਾਕੀ ਹੈ। ਹਾਲਾਂਕਿ, ਅਦਾਲਤ ਨੇ ਪੁਲਿਸ ਦੀ ਇਸ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਮੁਲਜ਼ਮ ਨੂੰ ਜੇਲ੍ਹ ਭੇਜਣ ਦਾ ਫ਼ੈਸਲਾ ਸੁਣਾਇਆ।
ਬਚਾਅ ਪੱਖ ਦੇ ਵਕੀਲ ਹੀਰਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਪਹਿਲਾਂ ਹੀ ਲੋੜੀਂਦੇ ਸਬੂਤ ਇਕੱਠੇ ਕਰ ਚੁੱਕੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੇਸ ਨਾਲ ਸਬੰਧਤ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ, ਜੋ ਜਾਂਚ ਦਾ ਮੁੱਖ ਹਿੱਸਾ ਸੀ।
ਵਕੀਲ ਨੇ ਦਲੀਲ ਦਿੱਤੀ ਕਿ ਪਿਛਲੇ 8 ਦਿਨਾਂ ਦੇ ਰਿਮਾਂਡ ਦੌਰਾਨ ਪੁਲਿਸ ਕੋਲ ਜਾਂਚ ਲਈ ਕਾਫ਼ੀ ਸਮਾਂ ਸੀ, ਇਸ ਲਈ ਹੋਰ ਰਿਮਾਂਡ ਦੀ ਕੋਈ ਲੋੜ ਨਹੀਂ ਸੀ। ਇਸ ਫ਼ੈਸਲੇ ਤੋਂ ਬਾਅਦ ਭੁੱਲਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ਲਿਜਾਇਆ ਗਿਆ।
Read More : ਪਾਕਿ ਜਾਣ ਵਾਲੇ ਸ਼ਰਧਾਲੂਆਂ ਤੋਂ ਦਾਖ਼ਲਾ ਫੀਸ ਵਸੂਲਣਾ ਗ਼ਲਤ, ਸਿੱਖਾਂ ਨੂੰ ਇਸ ਤੋਂ ਬਾਹਰ ਰੱਖੇ ਸਰਕਾਰ : ਧਾਮੀ
