Sant Balbir Singh Seechewal

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਸਦਨ ਵਿਚ ਉਠਾਇਆ ਬੇਅਦਬੀ ਦੀਆਂ ਵਧਦੀਆਂ ਘਟਨਾਵਾਂ ਦਾ ਮੁੱਦਾ

ਨਕੋਦਰ ਅਤੇ ਬਰਗਾੜੀ ਕਾਂਡ ਦੇ ਪੀੜਤਾਂ ਲਈ ਇਨਸਾਫ਼ ਦੀ ਮੰਗ; ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਰਾਸ਼ਟਰੀ ਕਾਨੂੰਨ ਬਣਾਉਣ ‘ਤੇ ਦਿੱਤਾ ਜ਼ੋਰ

ਨਵੀਂ ਦਿੱਲੀ/ਜਲੰਧਰ, 20 ਮਾਰਚ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਦੇਸ਼ ਵਿੱਚ ਬੇਅਦਬੀ ਦੇ ਮਾਮਲਿਆਂ ਦੀ ਵਧਦੀ ਗਿਣਤੀ ਦਾ ਮੁੱਦਾ ਉਠਾਇਆ ਅਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਸਦਨ ਨੇ ਉਨ੍ਹਾਂ ਦੇ ਵਿਸ਼ੇਸ਼ ਜ਼ਿਕਰ ਨੂੰ ਸਵੀਕਾਰ ਕਰ ਲਿਆ।

ਸੀਚੇਵਾਲ ਨੇ 40 ਸਾਲ ਪਹਿਲਾਂ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਹੈਰਾਨੀ ਜਤਾਈ ਕਿ ਨਕੋਦਰ ਪੁਲਿਸ ਸਟੇਸ਼ਨ ਕੋਲ ਇਸ ਘਟਨਾ ਦਾ ਰਿਕਾਰਡ ਵੀ ਉਪਲਬਧ ਨਹੀਂ ਹੈ।

ਸੰਤ ਸੀਚੇਵਾਲ ਨੇ ਸਦਨ ਨੂੰ ਦੱਸਿਆ ਕਿ 2 ਫਰਵਰੀ 1986 ਨੂੰ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਕਾਪੀਆਂ ਨੂੰ ਅੱਗ ਲਗਾਈ ਗਈ ਸੀ। 4 ਫਰਵਰੀ ਨੂੰ ਰੋਸ ਪ੍ਰਦਰਸ਼ਨ ਕਰ ਰਹੇ ਸ਼ਾਂਤਮਈ ਸਿੱਖ ਇਕੱਠ ‘ਤੇ ਪੁਲਿਸ ਗੋਲੀਬਾਰੀ ਵਿੱਚ ਭਾਈ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਹਰਮਿੰਦਰ ਸਿੰਘ ਰਾਏਪੁਰ ਚਾਲੂਪੁਰ ਅਤੇ ਭਾਈ ਝਿਲਮਣ ਸਿੰਘ ਗੌਰਸੀਆ ਸ਼ਹੀਦ ਹੋ ਗਏ ਸਨ।

ਇਸੇ ਤਰ੍ਹਾਂ ਬਰਗਾੜੀ ਕਾਂਡ ਵਿੱਚ ਵੀ ਦੋ ਸਿੱਖ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵਤ ਗੁਰੂ ਹਨ, ਇਸ ਲਈ ਉਨ੍ਹਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਉਨ੍ਹਾਂ ਮੰਗ ਕੀਤੀ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੇ ਸਤਿਕਾਰ ਲਈ ਰਾਸ਼ਟਰੀ ਪੱਧਰ ‘ਤੇ ਸਖ਼ਤ ਕਾਨੂੰਨ ਬਣੇ। ਉਨ੍ਹਾਂ ਸਮਾਣਾ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਾ ਵੀ ਜ਼ਿਕਰ ਕੀਤਾ।

ਸੰਤ ਸੀਚੇਵਾਲ ਨੇ ਨਕੋਦਰ ਕਾਂਡ ਬਾਰੇ ਤਿੰਨ ਅਹਿਮ ਸਵਾਲ ਖੜ੍ਹੇ ਕੀਤੇ: ਨਕੋਦਰ ਥਾਣੇ ਵਿੱਚ ਐਫਆਈਆਰ ਰਿਕਾਰਡ ਕਿਉਂ ਨਹੀਂ ਹੈ? ਜੇ ਰਿਕਾਰਡ ਨਹੀਂ ਸੀ ਤਾਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਕਿਵੇਂ ਹੋਈ? ਅਤੇ 1986 ਦੀ ਜਾਂਚ ਰਿਪੋਰਟ 2001 ਵਿੱਚ ਬਿਨਾਂ ਕਾਰਵਾਈ ਦੇ ਵਿਧਾਨ ਸਭਾ ਵਿੱਚ ਕਿਵੇਂ ਪੇਸ਼ ਕੀਤੀ ਗਈ? ਉਨ੍ਹਾਂ ਕਿਹਾ ਕਿ ਚਾਰ ਦਹਾਕਿਆਂ ਬਾਅਦ ਵੀ ਇਨਸਾਫ਼ ਨਾ ਮਿਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।

Read More : ਕਪੂਰਥਲਾ ‘ਚ 275 ਕਰੋੜ ਦੀ ਲਾਗਤ ਨਾਲ ਬਣੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਮੈਡੀਕਲ ਇੰਸਟੀਚਿਊਟ : ਡਾ. ਬਲਬੀਰ ਸਿੰਘ

Leave a Reply

Your email address will not be published. Required fields are marked *