ਮੈਂ ਸਿਰਫ਼ ਫੈਸਲਾ ਚਾਹੁੰਦਾ ਹਾਂ : ਭਾਈ ਰਾਜੋਆਣਾ
ਪਟਿਆਲਾ, 24 ਅਕਤੂਬਰ : ਪਟਿਆਲਾ ਕੇਂਦਰੀ ਜੇਲ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦੰਦਾਂ ਦੀ ਜਾਂਚ ਲਈ ਸਰਕਾਰੀ ਡੈਂਟਲ ਕਾਲਜ ‘ਚ ਲਿਆਂਦਾ ਗਿਆ। ਇਸ ਦੌਰਾਨ ਭਾਈ ਰਾਜੋਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਲਦ ਅਗਲਾ ਫੈਸਲਾ ਲਿਆ ਜਾਵੇ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਭਾਈ ਰਾਜੋਆਣਾ ਨੂੰ ਦੰਦ ਵਿਚ ਤਕਲੀਫ਼ ਸੀ, ਜਿਸ ਕਾਰਨ ਉਨ੍ਹਾਂ ਨੇ ਇਲਾਜ ਲਈ ਅਰਜ਼ੀ ਦਿੱਤੀ ਹੋਈ ਸੀ। ਇਸ ਤਹਿਤ ਉਨ੍ਹਾਂ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਦੰਦ ਦੇ ਇਲਾਜ ਲਈ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਸੀ।
ਇਸ ਮੌਕੇ ਗੱਲਬਾਤ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ 30 ਸਾਲ ਹੋ ਗਏ ਹਨ ਅਤੇ ਮੈਂ 19 ਸਾਲਾਂ ਤੋਂ ਫਾਂਸੀ ਦੇ ਤਖ਼ਤੇ ‘ਤੇ ਹਾਂ। ਅਪੀਲ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਪੈਂਡਿੰਗ ਹੈ। ਮੈਂ ਸਿਰਫ਼ ਫੈਸਲਾ ਚਾਹੁੰਦਾ ਹਾਂ। ਪੰਜ ਸਾਲਾਂ ਤੋਂ ਸੁਪਰੀਮ ਕੋਰਟ ਨੇ ਵਾਰ-ਵਾਰ ਫੈਸਲੇ ‘ਤੇ ਸਵਾਲ ਉਠਾਏ ਹਨ।
ਉਨ੍ਹਾਂ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਨੂੰ ਅਗਲਾ ਫੈਸਲਾ ਲੈਣ ਦੀ ਬੇਨਤੀ ਕਰਦਾ ਹਾਂ। ਬਹੁਤ ਹੋ ਗਿਆ ਇੰਤਜ਼ਾਰ। 30 ਸਾਲਾਂ ਬਾਅਦ ਵੀ ਫੈਸਲਾ ਨਾ ਲੈਣਾ ਇੱਕ ਘੋਰ ਬੇਇਨਸਾਫ਼ੀ ਹੈ। ਮੈਂ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਭਾਈਚਾਰੇ ਦੇ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲੈਣ। ਬਹੁਤ ਹੋ ਗਿਆ ਇੰਤਜ਼ਾਰ।”
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ’ਚ ਕੇਂਦਰ ਸਰਕਾਰ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ’ਤੇ ਪੰਜਾਬ ’ਚ ਤਇਨਾਤ ਫ਼ੌਜੀ ਦਸਤਿਆਂ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਭਾਈ ਰਾਜੋਆਣਾ ਪਿਛਲੇ 30 ਸਾਲਾਂ ਤੋਂ ਕੈਦ ’ਚ ਹਨ ਤੇ ਉਨ੍ਹਾਂ ਦੀ ਸਜ਼ਾ-ਏ-ਮੌਤ ਰਾਜਨੀਤਿਕ ਪ੍ਰਭਾਵਾਂ ਦਾ ਨਤੀਜਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਫ਼ੈਸਲੇ ਨੂੰ ਧਾਰਮਿਕ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਗਿਆ।
Read More : ਸਭ ਤੋਂ ਹੇਠਲੇ ਪੱਧਰ ’ਤੇ ਡਿੱਗੀਆਂ ਵਿਰੋਧੀ ਪਾਰਟੀਆਂ : ਬਲਤੇਜ ਪੰਨੂ
—
