ਚੰਡੀਗੜ੍ਹ, 28 ਅਕਤੂਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਸ਼ਿਆਂ ਦੇ ਬਦਲ ਵਜੋਂ ਅਫੀਮ ਜਾਂ ਭੁੱਕੀ ਦੀ ਖੇਤੀ ਦੀ ਵਕਾਲਤ ਕਰਨ ਵਾਲੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਕਾਂਗਰਸ ਦੀ ‘ਕਮਜ਼ੋਰ ਮਾਨਸਿਕਤਾ’ ਦੀ ਨਿਸ਼ਾਨੀ ਕਰਾਰ ਦਿੱਤਾ ਹੈ।
ਇਕ ਬਿਆਨ ਵਿਚ ਨੀਲ ਗਰਗ ਨੇ ਕਿਹਾ ਕਿ ਇਕ ਨਸ਼ੇ ਦਾ ਬਦਲ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ। ਰਾਜਾ ਵੜਿੰਗ ਦਾ ਇਹ ਬਿਆਨ ਕਾਂਗਰਸ ਦੀ ਉਸੇ ਪੁਰਾਣੀ ਮਾਨਸਿਕਤਾ ਦਾ ਸਬੂਤ ਹੈ, ਜਿਸ ਕਾਰਨ ਉਹ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ।
ਉਨ੍ਹਾਂ ਕਾਂਗਰਸ ਨੂੰ ਉਸ ਦਾ ਇਤਿਹਾਸ ਯਾਦ ਦਿਵਾਉਂਦਿਆਂ ਕਿਹਾ ਕਿ 2017 ਵਿਚ ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਚਾਰ ਹਫ਼ਤਿਆਂ ਵਿਚ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜ ਸਾਲ ਸਰਕਾਰ ਚਲਾਉਣ ਦੇ ਬਾਵਜੂਦ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ।
‘ਆਪ’ ਬੁਲਾਰੇ ਨੇ ਤੰਜ਼ ਕੱਸਦਿਆਂ ਕਿਹਾ, ‘ਕਿਉਂਕਿ ਕਾਂਗਰਸ ਖੁਦ ਨਸ਼ੇ ਖਤਮ ਨਹੀਂ ਕਰ ਸਕੀ, ਇਸ ਲਈ ਹੁਣ ਰਾਜਾ ਵੜਿੰਗ ਵਰਗੇ ਆਗੂਆਂ ਨੂੰ ਲੱਗਦਾ ਹੈ ਕਿ ਨਸ਼ਾ ਖਤਮ ਹੀ ਨਹੀਂ ਹੋ ਸਕਦਾ।’ ਨੀਲ ਗਰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਨਸ਼ਿਆਂ ਵਿਰੁੱਧ ਜਾਰੀ ਜੰਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਇਕ ਯੋਜਨਾਬੱਧ ਤਰੀਕੇ ਨਾਲ ‘ਯੁੱਧ’ ਛੇੜਿਆ ਹੋਇਆ ਹੈ।
Read More : ਨਰਿੰਦਰਜੀਤ ਬਿੰਦਰਾ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਮੁਲਾਕਾਤ
