ਚੰਡੀਗੜ੍ਹ, 9 ਨਵੰਬਰ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 2 ਸਿੱਖ ਬੱਚਿਆਂ ਦੇ ਕੇਸਾਂ (ਜੂੜਿਆਂ) ਦਾ ਮਜ਼ਾਕ ਉਡਾਉਣ ਦੀ ਘਟਨਾ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ।
ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਰਾਜਾ ਵੜਿੰਗ ਦੀ ਵਾਇਰਲ ਵੀਡੀਓ ’ਤੇ ਸਿੱਧਾ ਹਮਲਾ ਬੋਲਦਿਆਂ ਪੁੱਛਿਆ ਕਿ ਆਖਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸਿੱਖਾਂ ਤੋਂ ਕੀ ਸਮੱਸਿਆ ਹੈ? ਉਨ੍ਹਾਂ ਕਿਹਾ ਕਿ ਹਰ ਰੋਜ਼ ਹੀ ਕਾਂਗਰਸ ਵੱਲੋਂ ਸਿੱਖਾਂ, ਗੁਰੂ ਸਾਹਿਬਾਨਾਂ ਜਾਂ ਬੂਟਾ ਸਿੰਘ ਵਰਗੇ ਵੱਡੇ ਆਗੂਆਂ ਬਾਰੇ ਕੋਈ ਨਾ ਕੋਈ ਅਜਿਹਾ ਬਿਆਨ ਜਾਂ ਹਰਕਤ ਕੀਤੀ ਜਾਂਦੀ ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਵੱਜਦੀ ਹੈ। ਜਿਸ ਤਰ੍ਹਾਂ ਰਾਜਾ ਵੜਿੰਗ ਨੇ 2 ਸਿੱਖ ਬੱਚਿਆਂ ਦੇ ਜੂੜਿਆਂ ਦਾ ਜਨਤਕ ਤੌਰ ’ਤੇ ਮਜ਼ਾਕ ਉਡਾਇਆ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ।
ਉੱਥੇ ਹੀ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਿੱਖਾਂ ਨੇ ਪੂਰੀ ਦੁਨੀਆ ’ਚ ਆਪਣੇ ਕੇਸਾਂ ਤੇ ਕਕਾਰਾਂ ਨਾਲ ਹੀ ਵੱਖਰੀ ਪਹਿਚਾਣ ਬਣਾਈ ਹੈ। ਵੜਿੰਗ ਨੇ ਜਿਸ ਤਰ੍ਹਾਂ ਬੱਚਿਆਂ ਦੇ ਸਿਰ ’ਤੇ ਹੱਥ ਰੱਖ ਕੇ, ਉਨ੍ਹਾਂ ਦੇ ਕੇਸਾਂ ਨੂੰ ਫੜ ਕੇ ਅਜੀਬ ਜਿਹੀਆਂ ਹਰਕਤਾਂ ਕੀਤੀਆਂ ਹਨ, ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਦਾ ਗੰਭੀਰ ਨੋਟਿਸ ਲੈਣ।
Read More : ਡਾਕਟਰ ਦੇ ਲਾਕਰ ਤੋਂ ਏ.ਕੇ.-47 ਰਾਈਫਲ ਬਰਾਮਦ
