Makora Patna

ਰਾਹੁਲ ਗਾਂਧੀ ਨੂੰ ਮਕੌੜਾ ਪੱਤਣ ’ਤੇ ਰਾਵੀ ਦੇ ਪਾਰ ਪਿੰਡਾਂ ’ਚ ਜਾਣ ਤੋਂ ਰੋਕਿਆ

ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਬਹਿਸਬਾਜ਼ੀ

ਗੁਰਦਾਸਪੁਰ, 15 ਸਤੰਬਰ : ਆਲ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਦੀਨਾਨਗਰ ’ਚ ਰਾਵੀ ਦਰਿਆ ’ਤੇ ਮਕੌੜਾ ਪੱਤਣ ਪਹੁੰਚੇ, ਜਿੱਥੇ ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਨੇ ਰਾਹੁਲ ਗਾਂਧੀ ਨੂੰ ਮਕੌੜਾ ਪੱਤਣ ਤੋਂ ਰਾਵੀ ਦਰਿਆ ਦੇ ਪਾਰ ਸਥਿਤ 7 ਪਿੰਡਾਂ ’ਚ ਜਾਣ ਤੋਂ ਰੋਕਿਆ। ਰਾਹੁਲ ਗਾਂਧੀ ਦੀ ਜ਼ਿਲਾ ਪ੍ਰਸ਼ਾਸਨ ਨਾਲ ਵੀ ਬਹਿਸ ਹੋਈ।

ਰਾਹੁਲ ਗਾਂਧੀ ਨੇ ਕਿਹਾ ਕਿ ਉਹ ਰਾਵੀ ਦਰਿਆ ਦੇ ਪਾਰਲੇ ਪਾਸੇ ਵੱਸੇ ਪਿੰਡ ਦੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮਿਲਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਇਸ ਮੌਕੇ ਐੱਸ. ਪੀ. ਹੈੱਡਕੁਆਰਟਰ ਯੁਗਰਾਜ ਸਿੰਘ ਉਨ੍ਹਾਂ ਨੂੰ ਸਮਝਾਉਂਦੇ ਹੋਏ ਦਿਖਾਈ ਦਿੱਤੇ ਅਤੇ ਸ਼ਾਇਦ ਉਹ ਰਾਹੁਲ ਗਾਂਧੀ ਨੂੰ ਸਮਝਾ ਰਹੇ ਸਨ ਕਿ ਰਾਵੀ ਦਰਿਆ ਦੇ ਨਾਲ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਉੱਥੇ ਜਾਣਾ ਸਹੀ ਨਹੀਂ ਹੋਵੇਗਾ।
ਇਸ ਮੌਕੇ ਰਾਹੁਲ ਗਾਂਧੀ ਦੇ ਨਾਲ ਆਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਰਾਹੁਲ ਗਾਂਧੀ ਲੋਕਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਪੰਜਾਬ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਦੀ ਮਦਦ ਨਾਲ ਰਾਹੁਲ ਗਾਂਧੀ ਨੂੰ ਰਾਵੀ ਦਰਿਆ ਪਾਰ ਕਰਨ ਤੋਂ ਰੋਕ ਦਿੱਤਾ। ਜਦੋਂ ਕਿ ਲੋਕ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਤੋਂ ਪਹਿਲਾਂ ਕੋਈ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਇਹ ਹੜ੍ਹ ਆਇਆ ਹੈ ਅਤੇ ਲੋਕਾਂ ਨੂੰ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।

ਰਾਹੁਲ ਗਾਂਧੀ ਨੂੰ ਰਾਵੀ ਦਰਿਆ ਪਾਰ ਕਰਨ ਤੋਂ ਰੋਕਣ ’ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਨੂੰ ਮਿਲਣ ਆਏ ਸਨ, ਉਨ੍ਹਾਂ ਨੂੰ ਰਸਤੇ ’ਚ ਕਿਉਂ ਰੋਕਿਆ ਗਿਆ। ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੋਵਾਂ ਦਰਿਆਵਾਂ ਦਾ ਪਾਣੀ ਇਕੱਠੇ ਛੱਡ ਕੇ ਪੰਜਾਬ ਨੂੰ ਪਾਣੀ ’ਚ ਡੁਬੋ ਦਿੱਤਾ ਹੈ, ਕੇਂਦਰ ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਮੌਕੇ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਵੀ ਨਾਲ ਸਨ।

Read More : ਢਾਹਿਆ ਜਾ ਰਿਹਾ ਤਾਜ ਮਹਿਲ

Leave a Reply

Your email address will not be published. Required fields are marked *