ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਦੇਸ਼ ਦੇ 11 ਮੁੱਖ ਹਵਾਈ ਅੱਡਿਆਂ ’ਤੇ ਸਸਤੇ ਨਾਸ਼ਤੇ ਦੀ ਸਹੂਲਤ ਸ਼ੁਰੂ
ਨਵੀਂ ਦਿੱਲੀ, 30 ਮਾਰਚ : ਹਵਾਈ ਯਾਤਰਾ ਨੂੰ ਆਮ ਨਾਗਰਿਕਾਂ ਲਈ ਵਧੇਰੇ ਕਿਫ਼ਾਇਤੀ ਬਣਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਨੇ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਦੇਸ਼ ਦੇ 11 ਪ੍ਰਮੁੱਖ ਹਵਾਈ ਅੱਡਿਆਂ ’ਤੇ ‘ਉਡਾਨ ਯਾਤਰੀ ਕੈਫੇ’ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਕੈਫੇ ’ਚ ਯਾਤਰੀਆਂ ਨੂੰ ਬੇਹੱਦ ਸਸਤੀਆਂ ਦਰਾਂ ’ਤੇ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕੀ ਹਨ ਨਵੀਆਂ ਦਰਾਂ?
ਸ੍ਰੀਨਗਰ, ਜੈਪੁਰ ਅਤੇ ਮੁੰਬਈ ਸਮੇਤ ਚੁਣਵੇਂ ਹਵਾਈ ਅੱਡਿਆਂ ’ਤੇ ਹੁਣ ਚਾਹ ਸਿਰਫ਼ 10 ਰੁਪਏ ਅਤੇ ਕੌਫ਼ੀ 20 ਰੁਪਏ ’ਚ ਉਪਲਬਧ ਹੋਵੇਗੀ। ਇਸੇ ਤਰ੍ਹਾਂ ਸਮੋਸਾ ਅਤੇ ਵੜਾ ਪਾਓ ਵਰਗੀਆਂ ਨਾਸ਼ਤੇ ਦੀਆਂ ਵਸਤੂਆਂ 20 ਰੁਪਏ ਅਤੇ ਪਾਣੀ ਦੀ ਬੋਤਲ ਸਿਰਫ਼ 10 ਰੁਪਏ ’ਚ ਮਿਲੇਗੀ।
ਰਾਘਵ ਚੱਢਾ ਵੱਲੋਂ ਸ਼ਲਾਘਾ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੁੰਬਈ ਹਵਾਈ ਅੱਡੇ ’ਤੇ ਬਣੇ ਇਸ ਕੈਫੇ ਦਾ ਦੌਰਾ ਕੀਤਾ ਅਤੇ ਖ਼ੁਦ 10 ਰੁਪਏ ਵਾਲੀ ਚਾਹ ਪੀ ਕੇ ਇਸ ਵਿਵਸਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਨੂੰ ਆਮ ਯਾਤਰੀਆਂ ਲਈ ਵੱਡੀ ਰਾਹਤ ਦੱਸਿਆ।
ਜ਼ਿਕਰਯੋਗ ਹੈ ਕਿ ਰਾਘਵ ਚੱਢਾ ਨੇ ਸੰਸਦ ’ਚ ਹਵਾਈ ਅੱਡਿਆਂ ’ਤੇ ਮਹਿੰਗੇ ਖਾਣੇ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਯਾਤਰੀਆਂ ਨੇ ਵੀ ਇਸ ਸੇਵਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ‘ਜੇਬ ’ਤੇ ਹਲਕੀ ਅਤੇ ਗੁਣਵੱਤਾ ਭਰਪੂਰ’ ਸੇਵਾ ਦੱਸਿਆ ਹੈ।
Read More : ਅੰਮ੍ਰਿਤਸਰ ’ਚ ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
