ਨਸ਼ਾ ਵਿਰੋਧੀ ਮੁਹਿੰਮ ਨਾਲ ਪੂਰੀ ਵਚਨਬੱਧਤਾ ਜੁੜਨ ਦਾ ਦਿੱਤਾ ਭਰੋਸਾ
ਚੰਡੀਗੜ੍ਹ 8 ਜਨਵਰੀ : ਪ੍ਰਸਿੱਧ ਪੰਜਾਬੀ ਗਾਇਕ ਤੇ ਸੱਭਿਆਚਾਰਕ ਪ੍ਰਤੀਨਿਧੀ ਗੁਰਦਾਸ ਮਾਨ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਲੋਕ ਭਵਨ ਪੰਜਾਬ ਵਿਖੇ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਦੋਵਾਂ ਵੱਲੋਂ ਸਮਾਜ ’ਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ। ਇਸ ਗੰਭੀਰ ਵਿਸ਼ੇ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਰਾਜਪਾਲ ਨੇ ਪੰਜਾਬ ’ਚੋਂ ਇਸ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਰਾਖੀ ਲਈ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ।
ਕਟਾਰੀਆ ਨੇ ਗੁਰਦਾਸ ਮਾਨ ਨੂੰ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਵਿਦਿਅਕ ਸੰਸਥਾਵਾਂ, ਸਮਾਜਿਕ ਅਤੇ ਧਾਰਮਿਕ ਸੰਗਠਨਾਂ, ਗੈਰ-ਸਰਕਾਰੀ ਸੰਗਠਨਾਂ, ਖਿਡਾਰੀਆਂ, ਸਿਆਸੀ ਸੰਗਠਨਾਂ ਅਤੇ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਇਕ ਨਿਰੰਤਰ ਜਨਤਕ ਜਾਗਰੂਕਤਾ ਮੁਹਿੰਮ ਦੀ ਅਗਵਾਈ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਰਾਜਪਾਲ ਨੇ ਨਿੱਜੀ ਤੌਰ ’ਤੇ ਜ਼ਮੀਨੀ ਪੱਧਰ ’ਤੇ ਸੂਬੇ ਦੇ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਨ ਲਈ ਵਿਆਪਕ ਪੈਦਲ ਯਾਤਰਾਵਾਂ ਵੀ ਕੀਤੀਆਂ ਹਨ, ਜਿਸ ’ਚ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਖੇ ਛੇ ਦਿਨਾਂ ਤੇ ਜਲੰਧਰ ਜ਼ਿਲ੍ਹੇ ਨੂੰ ਦੋ ਦਿਨਾਂ ’ਚ ਕਵਰ ਕੀਤਾ ਗਿਆ। ਇਸ ਯਾਤਰਾ ਦਾ ਉਦੇਸ਼ ਜਨਤਕ ਸਮਰਥਨ ਜੁਟਾਉਣਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ।
ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿਰੁੱਧ ਲੋਕਾਂ ਦਾ ਸਮਰਥਨ ਜੁਟਾਉਣ ’ਚ ਕਲਾ, ਸੱਭਿਆਚਾਰ ਤੇ ਪ੍ਰਭਾਵੀ ਸ਼ਖਸੀਅਤਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦਿਆਂ ਰਾਜਪਾਲ ਨੇ ਗੁਰਦਾਸ ਮਾਨ ਨੂੰ ਇਸ ਮੁਹਿੰਮ ਨਾਲ ਸਰਗਰਮੀ ਨਾਲ ਜੁੜਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਲਾਹਣਤ ਤੋਂ ਦੂਰ ਰਹਿਣ ਲਈ ਸਿੱਖਿਅਤ ਅਤੇ ਪ੍ਰੇਰਿਤ ਕਰਨ ਲਈ ਦੀ ਅਪੀਲ ਕੀਤੀ।
ਇਸ ਨੇਕ ਕਾਰਜ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਗੁਰਦਾਸ ਮਾਨ ਨੇ ਰਾਜਪਾਲ ਨੂੰ ਮੁਹਿੰਮ ’ਚ ਸ਼ਾਮਲ ਹੋਣ ਅਤੇ ਜਾਗਰੂਕਤਾ ਮਾਰਚਾਂ ’ਚ ਹਿੱਸਾ ਲੈਣ ਲਈ ਆਪਣੇ ਪੁਰਜ਼ੋਰ ਸਮਰਥਨ ਦਾ ਭਰੋਸਾ ਦਿੱਤਾ।
Read More : 852 ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ 17.44 ਕਰੋੜ ਤੋਂ ਵੱਧ ਫੰਡ ਜਾਰੀ : ਬੈਂਸ
