ਸੂਬੇ ’ਚ ਦਿੱਤੀਆਂ 63,000 ਤੋਂ ਵੱਧ ਸਰਕਾਰੀ ਨੌਕਰੀਆਂ ’ਚੋਂ ਜ਼ਿਆਦਾਤਰ ਕੁੜੀਆਂ ਨੂੰ ਮਿਲੀਆਂ; ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ
ਚੰਡੀਗੜ੍ਹ, 7 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੜਕੀਆਂ ਨੂੰ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਬਰਾਬਰ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸ਼ਾਸਨ, ਆਰਥਿਕਤਾ ਅਤੇ ਸਿਆਸਤ ’ਚ ਔਰਤਾਂ ਦੀ ਭਾਈਵਾਲੀ ਤੋਂ ਬਿਨਾਂ ਸੂਬਾ ਦੇਸ਼ ਦਾ ਮੋਹਰੀ ਨਹੀਂ ਬਣ ਸਕਦਾ। ਲੁਧਿਆਣਾ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰ ਰਹੀ ਹੈ, ਜੋ ਔਰਤਾਂ ਨੂੰ ਮੁੱਖ ਖੇਤਰਾਂ ਤੋਂ ਦੂਰ ਰੱਖਦੀਆਂ ਸਨ।
ਉਨ੍ਹਾਂ ਨੇ ਸਰਕਾਰੀ ਨੌਕਰੀਆਂ ਲਈ ਮੈਰਿਟ ਅਤੇ ਯੋਗਤਾ-ਆਧਾਰਿਤ ਭਰਤੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹੁਣ ਤੱਕ ਦਿੱਤੀਆਂ 63,000 ਤੋਂ ਵੱਧ ਸਰਕਾਰੀ ਨੌਕਰੀਆਂ ’ਚੋਂ ਜ਼ਿਆਦਾਤਰ ਕੁੜੀਆਂ ਨੂੰ ਮਿਲੀਆਂ ਹਨ। ਮੁੱਖ ਮੰਤਰੀ ਨੇ ਗ਼ੈਰ-ਵਾਜਬ ਸ਼ਰਤਾਂ ਨੂੰ ਦੂਰ ਕਰਨ ਤੋਂ ਬਾਅਦ ਔਰਤਾਂ ਲਈ ਅੱਗ ਬੁਝਾਊ ਸੇਵਾਵਾਂ ’ਚ ਸ਼ਾਮਲ ਹੋਣ ਅਤੇ ਉੱਚ ਪ੍ਰਸ਼ਾਸਨਿਕ ਅਹੁਦਿਆਂ ’ਤੇ ਮਹਿਲਾ ਅਧਿਕਾਰੀਆਂ ਦੀ ਵਧ ਰਹੀ ਮੌਜੂਦਗੀ ਬਾਰੇ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੋਵੇਗਾ ਜਿੱਥੇ ਅੱਗ ਬੁਝਾਊ ਸੇਵਾਵਾਂ ਵਾਲੇ ਸਟਾਫ਼ ’ਚ ਕੁੜੀਆਂ ਵੀ ਸ਼ਾਮਲ ਹੋਣਗੀਆਂ।
ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਮੁੱਖ ਮੰਤਰੀ ਨੇ ਔਰਤਾਂ ਦੇ ਦ੍ਰਿੜ ਇਰਾਦੇ ਨੂੰ ਸਲਾਮ ਕੀਤਾ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ’ਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦਾ ਇਤਿਹਾਸ ਔਰਤਾਂ ਦੀ ਭੂਮਿਕਾ ਨੂੰ ਸਵੀਕਾਰ ਕੀਤੇ ਬਿਨਾਂ ਅਧੂਰਾ ਹੈ। ਔਰਤਾਂ ਨੇ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਨੂੰ ਸੁਰੱਖਿਅਤ ਕਰਨ ’ਚ ਸਗੋਂ ਇਸ ਦੇ ਵਿਕਾਸ ਅਤੇ ਤਰੱਕੀ ’ਚ ਵੀ ਬੇਮਿਸਾਲ ਯੋਗਦਾਨ ਪਾਇਆ ਹੈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਕਈ ਹੋਰ ਪਤਵੰਤੇ ਵੀ ਮੌਜੂਦ ਸਨ।
Read More : ਸ਼੍ਰੋਮਣੀ ਕਮੇਟੀ ਯੂ.ਪੀ.ਐੱਸ.ਸੀ. ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਇਕ-ਇਕ ਲੱਖ ਰੁਪਏ ਨਾਲ ਕਰੇਗੀ ਸਨਮਾਨ : ਧਾਮੀ
