PU firing case

ਪੰਜਾਬ ਯੂਨੀਵਰਸਿਟੀ ਗੋਲੀਬਾਰੀ ਕਾਂਡ : ਬੰਬੀਹਾ ਗਰੁੱਪ ਦਾ ਮੁੱਖ ਸ਼ੂਟਰ ਕਾਬੂ

ਏ.ਜੀ.ਟੀ.ਐੱਫ. ਅਤੇ ਚੰਡੀਗੜ੍ਹ ਪੁਲਸ ਦਾ ਸਾਂਝਾ ਆਪ੍ਰੇਸ਼ਨ; ਜਵਾਬੀ ਕਾਰਵਾਈ ’ਚ ਸ਼ੂਟਰ ਜ਼ਖ਼ਮੀ, ਹਥਿਆਰ ਤੇ ਕਾਰਤੂਸ ਬਰਾਮਦ

ਚੰਡੀਗੜ੍ਹ, 26 ਮਾਰਚ : ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਚੰਡੀਗੜ੍ਹ ਪੁਲਸ ਨਾਲ ਮਿਲ ਕੇ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਯੂਨੀਵਰਸਿਟੀ ’ਚ 17 ਮਾਰਚ ’ਤੇ ਵਿਦਿਆਰਥੀ ਆਗੂ ਜਸ਼ਨਪ੍ਰੀਤ ਸਿੰਘ ਜਵੰਦਾ ’ਤੇ ਹੋਈ ਗੋਲੀਬਾਰੀ ਦੀ ਘਟਨਾ ’ਚ ਸ਼ਾਮਲ ਮੁੱਖ ਸ਼ੂਟਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜਸ (ਵਾਸੀ ਫ਼ਤਿਹਗੜ੍ਹ ਸਾਹਿਬ) ਵਜੋਂ ਹੋਈ ਹੈ। ਪੁਲਸ ਨੇ ਉਸ ਕੋਲੋਂ .32 ਬੋਰ ਦਾ ਦੇਸੀ ਪਿਸਤੌਲ, ਮੈਗਜ਼ੀਨ, ਦੋ ਜ਼ਿੰਦਾ ਕਾਰਤੂਸ ਅਤੇ ਚਾਰ ਖ਼ਾਲੀ ਖੋਲ ਬਰਾਮਦ ਕੀਤੇ ਹਨ। ਜਾਂਚ ਦੀ ਸਮੀਖਿਆ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਡੌਨੀ ਬੱਲ/ਬੰਬੀਹਾ ਗਰੁੱਪ ਦਾ ਸਰਗਰਮ ਮੈਂਬਰ ਹੈ ਅਤੇ ਇਹ ਹਮਲਾ ਗਰੁੱਪ ਦੇ ਇਸ਼ਾਰੇ ’ਤੇ ਹੀ ਕੀਤਾ ਗਿਆ ਸੀ।

ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਦੱਸਿਆ ਕਿ ਏ.ਜੀ.ਟੀ.ਐੱਫ. ਅਤੇ ਜ਼ਿਲਾ ਕ੍ਰਾਈਮ ਸੈੱਲ ਦੀਆਂ ਟੀਮਾਂ ਘਟਨਾ ਵਾਲੇ ਦਿਨ ਤੋਂ ਹੀ ਫ਼ਤਿਹਗੜ੍ਹ ਸਾਹਿਬ ਅਤੇ ਅਮਲੋਹ ਖੇਤਰ ’ਚ ਸੁਰਾਗਾਂ ਦੀ ਭਾਲ ਕਰ ਰਹੀਆਂ ਸਨ। ਅਮਲੋਹ-ਪਾਤੜਾਂ ਸੜਕ ’ਤੇ ਜਦੋਂ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਨੇ ਪੁਲਸ ਟੀਮ ’ਤੇ ਗੋਲੀਬਾਰੀ ਕਰ ਦਿੱਤੀ। ਪੁਲਸ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਉਹ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ।

ਇਸ ਸਬੰਧੀ ਫ਼ਤਿਹਗੜ੍ਹ ਸਾਹਿਬ ਦੇ ਥਾਣਾ ਅਮਲੋਹ ’ਚ ਭਾਰਤੀ ਨਿਆਏ ਸੰਹਿਤਾ (BNS) ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

Read More : ਵੰਦੇ ਭਾਰਤ ਐਕਸਪ੍ਰੈੱਸ ’ਚ ਯਾਤਰੀ ਦੇ ਦਹੀਂ ’ਚ ਮਿਲੇ ਕੀੜੇ; ਠੇਕਾ ਰੱਦ, 50 ਲੱਖ ਰੁਪਏ ਜੁਰਮਾਨਾ

Leave a Reply

Your email address will not be published. Required fields are marked *