ਤਿੰਨੋਂ ਗੇਟ ਕੀਤੇ ਬੰਦ, ਬੈਰੀਕੇਡ ਟੱਪ ਕੇ ਯੂਨੀਵਰਸਿਟੀ ਪੁੱਜੇ ਆਗੂ
ਚੰਡੀਗੜ੍ਹ, 10 ਨਵੰਬਰ : ਪੰਜਾਬ ਯੂਨੀਵਰਸਿਟੀ ’ਚ ਸੋਮਵਾਰ ਨੂੰ ‘ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ’ਤੇ ‘ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ’ਦੇ ਨਾਅਰੇ ਗੂੰਜੇ।
ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਤਿੰਨੋਂ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ। ਉਪ ਕੁਲਪਤੀ ਦਫ਼ਤਰ ਸਾਹਮਣੇ ਸੈਨੇਟ ਚੋਣਾਂ ਦਾ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਵਿਦਿਆਰਥੀਆਂ ਦੀ ਹਮਾਇਤ ਲਈ ਕਈ ਜਥੇਬੰਦੀਆਂ ਪਹੁੰਚੀਆਂ ਸਨ। ਵਿਦਿਆਰਥੀਆਂ ਤੇ ਪੁਲਸ ਦਰਮਿਆਨ ਕਾਫ਼ੀ ਦੇਰ ਬਹਿਸ ਤੋਂ ਬਾਅਦ ਧਰਨੇ ’ਤੇ ਬੈਠੀਆਂ ਵਿਦਿਆਰਥੀ ਜਥੇਬੰਦੀਆਂ ਨੇ ਗੁੱਸੇ ’ਚ ਬੈਰੀਕੋਡ ਤੋੜ ਕੇ ਨੰਬਰ 1 ਤੇ ਨੰਬਰ 2 ਦਾ ਇਕ-ਇਕ ਗੇਟ ਖੋਲ੍ਹ ਦਿੱਤਾ। ਪੁਲਸ ਨੂੰ ਸਥਿਤੀ ਕੰਟਰੋਲ ’ਚ ਕਰਨ ਲਈ ਲਾਠੀਚਾਰਜ ਵੀ ਕਰਨਾ ਪਿਆ, ਜਿਸ ਦੌਰਾਨ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।
ਕੁਝ ਵਿਦਿਆਰਥੀਆਂ ਤੇ ਆਗੂਆਂ ਨੂੰ ਪੁਲਸ ਬੱਸ ’ਚ ਬਿਠਾ ਕੇ ਥਾਣੇ ਲੈ ਗਈ। ਇਸ ਤੋਂ ਬਾਅਦ ਵੀ ਕਈ ਜਥੇਬੰਦੀਆਂ ਦੇ ਆਗੂ ਯੂਨੀਵਰਸਿਟੀ ’ਚ ਦਾਖ਼ਲ ਹੋ ਗਏ। 10 ਨਵੰਬਰ ਨੂੰ ਪਹਿਲਾਂ ਹੀ ਵੱਖ-ਵੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵੱਲੋਂ ਸਮੂਹਿਕ ਪ੍ਰਦਰਸ਼ਨ ਦੇ ਐਲਾਨ ਦੇ ਮੱਦੇਨਜ਼ਰ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਸਵੇਰੇ ਝੜਪ ਤੋਂ ਬਾਅਦ ਕਮਾਂਡੋ ਵੀ ਬੁਲਾਏ ਗਏ ਪਰ ਜਥੇਬੰਦੀਆਂ ਤੇ ਵਿਦਿਆਰਥੀਆਂ ਦੇ ਭਾਰੀ ਇਕੱਠ ਕਾਰਨ ਉਹ ਰੋਕ ਨਹੀਂ ਸਕੇ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸ਼ਾਂਤੀਪੂਰਨ ਧਰਨਾ ਦੇ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਸਨ ਪਰ ਪੰਜਾਬ ਯੂਨੀਵਰਸਿਟੀ ਨੇ ਸਾਡੇ ਨਾਲ ਧੱਕਾ ਕੀਤਾ ਹੈ। ਸੈਨੇਟ ਚੋਣਾਂ ਲਈ ਸ਼ਡਿਊਲ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਕੇਂਦਰ ਸਰਕਾਰ ’ਤੇ ਕੋਈ ਯਕੀਨ ਨਹੀਂ ਕਰੇਗਾ।
ਕਿਸੇ ਵੀ ਬਾਹਰੀ ਵਿਅਕਤੀ ਦੇ ਯੂਨੀਵਰਸਿਟੀ ’ਚ ਦਾਖ਼ਲ ਹੋਣ ’ਤੇ ਪੁਲਸ ਨੇ ਪੂਰਨ ਪਾਬੰਦੀ ਲਾਈ। ਇੱਥੋਂ ਤੱਕ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਯੂਨੀਵਰਸਿਟੀ ’ਚ ਦਾਖ਼ਲ ਨਹੀ ਹੋਣ ਦਿੱਤਾ ਗਿਆ।
ਇਸ ਮੌਕੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਸਰਬਜੀਤ ਸਿੰਘ ਖ਼ਾਲਸਾ, ਵਿਧਾਇਕ ਪਰਗਟ ਸਿੰਘ, ਦਿਨੇਸ਼ ਚੱਢਾ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਈਸਰਪ੍ਰੀਤ ਸਿੰਘ, ਬਲਬੀਰ ਸਿੰਘ ਰਾਜੇਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸਰਵਣ ਸਿੰਘ ਪੰਧੇਰ, ਕਾਂਗਰਸ ਤੋਂ ਬਰਿੰਦਰ ਢਿੱਲੋਂ, ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਉੱਘੇ ਗਾਇਕ ਇੰਦਰਜੀਤ ਨਿੱਕੂ, ਮਨਜੀਤ ਸਿੰਘ ਰਾਏ, ਭਾਨਾ ਸਿੱਧੂ, ਲੱਖਾ ਸਿਧਾਣਾ, ਡਾ. ਪਿਆਰੇ ਲਾਲ ਗਰਗ ਤੋਂ ਇਲਾਵਾ ਹੋਰ ਕਈ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਪਹੁੰਚੇ।
Read More : ਗੁਰੂ ਜੀ ਦੇ ਨਾਂ ‘ਤੇ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ‘53 ਹਜ਼ਾਰੀ’ ਸੁਨਹਿਰੀ ਮੌਕਾ
