ਕਾਹਨੂੰਵਾਨ ਰੈਲੀ

ਸਿੱਖਿਆ ਅਤੇ ਵਿਕਾਸ ਦੇ ਨਵੇਂ ਯੁੱਗ ਵੱਲ ਵਧ ਰਿਹਾ ਹੈ ਪੰਜਾਬ : ਮੁੱਖ ਮੰਤਰੀ ਭਗਵੰਤ ਮਾਨ

ਹਲਕਾ ਕਾਦੀਆਂ ਵਿਖੇ 168 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ; ਕਾਹਨੂੰਵਾਨ ਨੂੰ ਸਬ-ਡਿਵੀਜ਼ਨ ਬਣਾਉਣ ਦਾ ਐਲਾਨ

ਕਾਦੀਆਂ , 9 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜ਼ਿਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿਖੇ 168.44 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 237 ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਸਿਆਸੀ ਸ਼ੋਸ਼ਣ ਦੇ ਦੌਰ ਵਿੱਚੋਂ ਨਿਕਲ ਕੇ ਸਿੱਖਿਆ, ਸਿਹਤ ਅਤੇ ਲੋਕ ਭਲਾਈ ਦੇ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੀ ਨੀਤੀ ਅਪਣਾਈ ਸੀ, ਪਰ ਮੌਜੂਦਾ ਸਰਕਾਰ ਨਵੇਂ ਅਤੇ ਆਧੁਨਿਕ ਸਕੂਲ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਬੱਚਿਆਂ ਨੂੰ ਪੜ੍ਹਨ ਲਈ ਬਾਹਰ ਨਾ ਜਾਣਾ ਪਵੇ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਵਿਦਿਆਰਥੀ ਹੁਣ ਨੀਟ (NEET) ਅਤੇ ਜੇ.ਈ.ਈ. (JEE) ਵਰਗੀਆਂ ਪ੍ਰੀਖਿਆਵਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ।

ਰਵਾਇਤੀ ਪਾਰਟੀਆਂ ‘ਤੇ ਤਿੱਖੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਸਿਰਫ਼ ਆਪਣੀ ਸੱਤਾ ਦਾ ਸੁਖ ਭੋਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਪਾਰਟੀਆਂ ਨੇ ਝਾਰਖੰਡ ਵਿੱਚ ਪੰਜਾਬ ਦੀ ਕੋਲਾ ਖਾਣ ਸਿਰਫ਼ ਇਸ ਲਈ ਬੰਦ ਰੱਖੀ ਤਾਂ ਜੋ ਨਿੱਜੀ ਕੰਪਨੀਆਂ ਤੋਂ ਕਮਿਸ਼ਨ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਇੱਕ ਵਾਰ ਫਿਰ ਇਨ੍ਹਾਂ ਪਾਰਟੀਆਂ ਦਾ ਸਫਾਇਆ ਕਰਨ ਲਈ ‘ਝਾੜੂ’ ਦੀ ਵਰਤੋਂ ਕਰਨਗੇ।

ਮੁੱਖ ਮੰਤਰੀ ਨੇ ਇਲਾਕਾ ਨਿਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ, ਜਿਸ ਵਿੱਚ ਕਾਹਨੂੰਵਾਨ ਨੂੰ ਸਬ-ਡਿਵੀਜ਼ਨ ਬਣਾਉਣਾ ਸ਼ਾਮਲ ਹੈ। ਇੱਥੇ ਐਸ.ਡੀ.ਐਮ., ਤਹਿਸੀਲਦਾਰ ਅਤੇ ਹੋਰ ਸਾਰੇ ਮੁੱਖ ਦਫ਼ਤਰ ਇੱਕੋ ਛੱਤ ਹੇਠ ਕੰਮ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਅਤਿ-ਆਧੁਨਿਕ ਸਟੇਡੀਅਮ ਬਣਾਉਣ ਅਤੇ ਬੰਦ ਪਈਆਂ ਆਈ.ਟੀ.ਆਈਜ਼ ਨੂੰ ਮੁੜ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ।

ਔਰਤਾਂ ਦੀ ਭਲਾਈ ਲਈ ਗੱਲ ਕਰਦਿਆਂ ਉਨ੍ਹਾਂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਜ਼ਿਕਰ ਕੀਤਾ, ਜਿਸ ਤਹਿਤ ਔਰਤਾਂ ਨੂੰ 1000 ਤੋਂ 1500 ਰੁਪਏ ਮਹੀਨਾਵਾਰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸਿਹਤ ਖੇਤਰ ਵਿੱਚ ਉਨ੍ਹਾਂ ‘ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਦੱਸਿਆ, ਜਿਸ ਰਾਹੀਂ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 1.50 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਸ ਨਾਲ ਨੌਜਵਾਨਾਂ ਲਈ 5.20 ਲੱਖ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਮਾਝਾ ਖੇਤਰ ਵਿੱਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਤਰਜ਼ ‘ਤੇ ਨਵਾਂ ਸਿਖਲਾਈ ਕੇਂਦਰ ਸਥਾਪਤ ਕਰਨ ਅਤੇ ਧਾਲੀਵਾਲ ਵੂਲਣ ਮਿੱਲ ਨੂੰ ਮੁੜ ਖੋਲ੍ਹਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਦੀ ਗੱਲ ਵੀ ਕਹੀ।

Read More : ਵਿਧਾਨ ਸਭਾ ’ਚ ਵਿਧਾਇਕ ਇਆਲੀ ਨੇ ਉਠਾਏ ਸਿੱਖ ਕੌਮ ਨਾਲ ਜੁੜੇ 3 ਅਹਿਮ ਮਸਲੇ

Leave a Reply

Your email address will not be published. Required fields are marked *